ਪੰਜਾਬ ਸਕੂਲ ਸਿੱਖਿਆ ਬੋਰਡ ਹੈੱਡਕੁਆਰਟਰ ਵਿਖੇ 33 ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ
ਪੀ.ਐਸ.ਈ.ਬੀ. ਜਲਦੀ ਹੀ ਦੂਤਾਵਾਸਾਂ ਅਤੇ ਵਿਦੇਸ਼ੀ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਕਰੇਗਾ- ਸਿੱਖਿਆ ਮੰਤਰੀ
ਰਾਜ ਦੇ ਸਕੂਲਾਂ ਵਿੱਚ 450 ਪ੍ਰਿੰਸੀਪਲ ਜਲਦ ਪਦਉੱਨਤ ਕੀਤੇ ਜਾਣਗੇ
ਐਸ.ਏ.ਐਸ. ਨਗਰ : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਮਾਤ ਭਾਸ਼ਾ ਦਾ ਝੰਡਾ ਬੁਲੰਦ ਕਰਨ ਲਈ ਇੱਕ ਵਿਲੱਖਣ ਪਹਿਲਕਦਮੀ ਵਿੱਚ, ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ ਨੂੰ ਇੱਕ ਸਾਲਾਨਾ ਇਮਤਿਹਾਨ ਵਜੋਂ ਅਪਣਾਇਆ ਕੀਤਾ ਹੈ। ਇਹ ਓਲੰਪੀਆਡ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਦਾ ਮੁਲਾਂਕਣ ਕਰਨ ਲਈ ਔਨਲਾਈਨ ਪਾਠਕ੍ਰਮ ਅਤੇ ਇੱਕ ਢਾਂਚਾਗਤ ਟੈਸਟਿੰਗ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵਿਖੇ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਕੀਤਾ।
ਮੰਤਰੀ ਬੈਂਸ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਭਾਸ਼ਾਈ ਜੜ੍ਹਾਂ ਨਾਲ ਜੋੜਨਾ ਹੈ। ਪੀ ਐਸ ਈ ਬੀ ਦੀ ਅਗਵਾਈ ਹੇਠ ਦੋ ਸਾਲ ਪਹਿਲਾਂ ਸ਼ੁਰੂ ਹੋਏ ਇਸ ਓਲੰਪੀਆਡ ਵਿੱਚ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ 2024 ਦੇ ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਪਹਿਲੇ ਸਥਾਨ ਲਈ 5,100 ਰੁਪਏ, ਦੂਜੇ ਸਥਾਨ ਲਈ 3,100 ਰੁਪਏ ਅਤੇ ਤੀਜੇ ਸਥਾਨ ਲਈ 2,100 ਰੁਪਏ ਕੁੱਲ 33 ਪ੍ਰਤੀਯੋਗੀਆਂ ਨੂੰ ਦਿੱਤੇ ਗਏ।
ਇਹ ਓਲੰਪੀਆਡ ਤੀਜੀ ਤੋਂ ਪੰਜਵੀਂ ਜਮਾਤ, ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਖੁੱਲ੍ਹਾ ਸੀ। ਰਜਿਸਟ੍ਰੇਸ਼ਨ ਅਗਸਤ ਵਿੱਚ ਸ਼ੁਰੂ ਹੋਈ, ਜਿਸ ਤੋਂ ਬਾਅਦ ਨਵੰਬਰ ਵਿੱਚ ਇੱਕ ਮੌਕ ਟੈਸਟ ਹੋਇਆ। ਅੰਤਮ ਪ੍ਰੀਖਿਆ 7 ਅਤੇ 8 ਦਸੰਬਰ, 2024 ਨੂੰ ਆਯੋਜਿਤ ਕੀਤੀ ਗਈ, ਜੋ ਕਿ ਯੂਰਪ, ਅਫਰੀਕਾ, ਅਮਰੀਕਾ, ਆਸਟ੍ਰੇਲੀਆ ਅਤੇ ਭਾਰਤ ਦੇ ਸਮਾਂ ਖੇਤਰਾਂ ਅਨੁਸਾਰ ਨਿਰਧਾਰਤ ਕੀਤੀ ਗਈ ਸੀ ਤਾਂ ਜੋ ਵਿਸ਼ਵਵਿਆਪੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਮਾਗਮ ਦੇ ਸਫਲਤਾਪੂਰਵਕ ਸੰਚਾਲਨ ਲਈ ਪੀ ਐਸ ਈ ਬੀ ਦੀ ਸ਼ਲਾਘਾ ਕਰਦੇ ਹੋਏ, ਸਿੱਖਿਆ ਮੰਤਰੀ ਨੇ ਅਪੀਲ ਕੀਤੀ ਕਿ ਜਿੱਥੇ ਵੀ ਪੰਜਾਬੀ ਬੋਲਣ ਵਾਲੇ ਭਾਈਚਾਰੇ ਰਹਿੰਦੇ ਹਨ, ਉੱਥੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਇਸਨੂੰ ਪੰਜਾਬ ਰਾਜ ਵੱਲੋਂ ਇੱਕ ਸਥਾਈ ਸਾਲਾਨਾ ਵਿਸ਼ੇਸ਼ ਇਮਤਿਹਾਨ ਬਣਾਇਆ ਜਾਵੇਗਾ।
ਸਿੱਖਿਆ ਮੰਤਰੀ ਬੈਂਸ ਨੇ ਅੱਗੇ ਐਲਾਨ ਕੀਤਾ ਕਿ ਬੋਰਡ ਜਲਦੀ ਹੀ ਵਿਦੇਸ਼ੀ ਦੂਤਾਵਾਸਾਂ ਅਤੇ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਕਰੇਗਾ ਤਾਂ ਜੋ ਪੰਜਾਬ ਦੇ ਵਿਸ਼ਵ ਪੱਧਰ 'ਤੇ ਵਿਦਿਅਕ ਸਥਾਨ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਨੇੜਲੇ ਭਵਿੱਖ ਵਿੱਚ, ਪੀ ਐਸ ਈ ਬੀ ਨੂੰ ਇਸਦੇ ਬੇਮਿਸਾਲ ਉਪਰਾਲਿਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੋਵੇਗੀ।
ਇਸ ਤੋਂ ਇਲਾਵਾ, ਉਨ੍ਹਾਂ ਖੁਲਾਸਾ ਕੀਤਾ ਕਿ ਪੀਐਸਈਬੀ ਦੁਆਰਾ ਜਲਦੀ ਹੀ ਇੱਕ ਸਾਇੰਸ ਓਲੰਪੀਆਡ ਵੀ ਸ਼ੁਰੂ ਕੀਤਾ ਜਾਵੇਗਾ। ਬੋਰਡ ਵਿਦਿਅਕ ਪਹੁੰਚ ਨੂੰ ਸਮਰਥਨ ਦੇਣ ਲਈ ਆਪਣਾ ਯੂਟਿਊਬ ਚੈਨਲ ਵੀ ਲਾਂਚ ਕਰਨ ਲਈ ਤਿਆਰ ਹੈ।
ਓਲੰਪੀਆਡ ਪਾਠਕ੍ਰਮ ਨੂੰ ਵਿਕਸਤ ਕਰਨ ਅਤੇ ਸੰਬੰਧਿਤ ਗਤੀਵਿਧੀਆਂ ਦੇ ਤਾਲਮੇਲ ਵਿੱਚ ਸ਼ਾਮਲ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸਿੱਖਿਆ ਮੰਤਰੀ ਨੇ ਸਮਾਗਮ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਸਿੱਖਿਆ ਮੰਤਰੀ ਬੈਂਸ ਨੇ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਸੰਬੰਧੀ ਚਿੰਤਾਵਾਂ ਨੂੰ ਦੂਰ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ 450 ਪ੍ਰਿੰਸੀਪਲ ਪਦਉੱਨਤ ਕੀਤੇ ਜਾਣਗੇ, ਅਤੇ ਅਧਿਆਪਕਾਂ ਦੀਆਂ ਅਸਾਮੀਆਂ ਪਹਿਲਾਂ ਹੀ ਢੁਕਵੀਂ ਪ੍ਰਕਿਰਿਆ ਦੁਆਰਾ ਭਰੀਆਂ ਜਾ ਰਹੀਆਂ ਹਨ।
ਪੀ ਐਸ ਈ ਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਅਤੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪੀਆਡ ਨੂੰ ਜਾਰੀ ਰੱਖਣ ਅਤੇ ਸਾਇੰਸ ਓਲੰਪੀਆਡ ਸ਼ੁਰੂ ਕਰਨ ਲਈ ਬੋਰਡ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਬੋਰਡ ਦੇ ਅਕਾਦਮਿਕ ਮਿਆਰਾਂ ਨੂੰ ਨਵੀਆਂ ਉਚਾਈਆਂ ਤੱਕ ਵਧਾਉਣ ਦਾ ਵੀ ਵਾਅਦਾ ਕੀਤਾ।
ਇਸ ਸਮਾਗਮ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ; ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ; ਪੀ ਏ ਯੂ ਦੇ ਵਿਦਿਆਰਥੀ ਭਲਾਈ ਦੇ ਡਾਇਰੈਕਟਰ ਨਿਰਮਲ ਸਿੰਘ ਜੌੜਾ; ਪੀ ਐਸ ਈ ਬੀ ਦੇ ਸਕੱਤਰ ਗੁਰਿੰਦਰ ਸਿੰਘ ਸੋਢੀ; ਅਤੇ ਡੀ ਪੀ ਆਈ (ਐਲੀਮੈਂਟਰੀ) ਹਰਕੀਰਤ ਕੌਰ ਵੀ ਸ਼ਾਮਲ ਹੋਏ।