ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਅੱਜ ਇੱਥੇ ਨਗਰ ਨਿਗਮ ਦੇ ਸਫਾਈ ਕਾਮਿਆਂ ਦੀ ਹੜਤਾਲ ਖਤਮ ਕਰਵਾਉਣ ਮੌਕੇ ਆਖਿਆ ਕਿ ਪਰਿਵਾਰਿਕ ਮੈਂਬਰਾਂ ਵਿੱਚ ਵੀ ਮਤਭੇਦ ਹੋਣਾ ਸੁਭਾਵਿਕ ਹੈ ਅਤੇ ਮੋਹਾਲੀ ਕਾਰਪੋਰੇਸ਼ਨ ਮੇਰੇ ਪਰਿਵਾਰ ਵਾਂਗ ਹੈ , ਚਾਹੇ ਉਹ ਕਾਰਪੋਰੇਸ਼ਨ ਦਾ ਕਿਸੇ ਵੀ ਪੱਧਰ ਦਾ ਮੁਲਾਜ਼ਮ ਹੋਵੇ, ਮੈਂ ਹਮੇਸ਼ਾ ਹਰ ਇੱਕ ਮੁਲਾਜ਼ਮ ਦੀ ਮੁਸ਼ਕਿਲ ਹੱਲ ਕਰਨ ਨੂੰ ਪਹਿਲ ਦਿੱਤੀ ਹੈ।
ਵਿਧਾਇਕ ਕੁਲਵੰਤ ਸਿੰਘ ਦੇ ਪੁੱਜਣ ਤੇ ਮੋਹਾਲੀ ਕਾਰਪੋਰੇਸ਼ਨ ਦੇ ਬਾਹਰ ਬੈਠੇ ਸਫਾਈ ਕਾਮਿਆਂ ਵੱਲੋਂ ਹੜਤਾਲ ਵਾਪਸ ਲੈ ਲਈ ਗਈ ਅਤੇ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਨੇ ਵੀ ਸਫਾਈ ਕਾਮਿਆਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਹਰ ਇੱਕ ਮੰਗ ਪੂਰੀ ਕਰਨਗੇ ਅਤੇ ਅੱਗ ਉਹਨਾਂ ਦੀ ਜੋ ਵੀ ਮੰਗ ਹੋਵੇਗੀ, ਉਹ ਉਹਨਾਂ ਦੇ ਪਹਿਲਾਂ ਹੀ ਧਿਆਨ ਵਿੱਚ ਲਿਆ ਦੇਣ ਅਤੇ ਮੇਰੇ ਵੱਲੋਂ ਇਹ ਤੁਹਾਡੇ ਸਭਨਾਂ ਨਾਲ ਇੱਥੇ ਵਾਅਦਾ ਹੈ ਕਿ ਉਹ ਹੜਤਾਲ ਦੀ ਨੌਬਤ ਨਹੀਂ ਆਉਣ ਦੇਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ਲੋਕੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ 1995 ਤੋਂ ਲੋਕਾਂ ਦੇ ਵਿੱਚ ਰਹਿ ਰਹੇ ਹਨ ਅਤੇ ਅਗਾਂਹ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਹੱਲ ਕਰਵਾਉਣ ਦੇ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਜਿਸ ਤਰ੍ਹਾਂ ਪਰਿਵਾਰ ਦੇ ਛੋਟੇ ਬੱਚਿਆਂ ਦੀ ਇਹ ਜਿੱਦ ਹੁੰਦੀ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਅਜਿਹਾ ਕਰਦੇ ਹਨ, ਉਸੇ ਤਰ੍ਹਾਂ ਹੀ ਸਰਕਾਰਾਂ ਦੀ ਵੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਬਾਸ਼ਿੰਦਿਆਂ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ। ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕਿ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਹਮੇਸ਼ਾਂ ਗਰੀਬ ਕਾਮਿਆਂ ਦੀ ਗੱਲ ਕੀਤੀ ਹੈ ਅਤੇ ਮਿਹਨਤਕਸ਼ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਅਗਾਂਹ ਵੀ ਉਹ ਇਹਨਾਂ ਮਿਹਨਤਕਸ਼ਾਂ ਦੇ ਹੱਕ ਵਿੱਚ ਗੱਲ ਕਰਦੇ ਰਹਿਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸਭਨਾਂ ਹੜਤਾਲੀ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸਿਰਫ ਇੱਕ ਵਾਰ ਕਹਿਣ ਤੇ ਹੀ ਆਪਣੀ ਹੜਤਾਲ ਵਾਪਸ ਲੈ ਲਈ। ਇਸ ਮੌਕੇ ਤੇ ਕਮਿਸ਼ਨਰ ਮੋਹਾਲੀ ਕਾਰਪੋਰੇਸ਼ਨ ਪਰਮਿੰਦਰ ਪਾਲ ਸਿੰਘ, ਕੌਂਸਲਰ ਸਰਬਜੀਤ ਸਿੰਘ ਕੌਂਸਲਰ- ਬਿੰਦਰਾ, ਸਾਬਕਾ ਕੌਂਸਲਰ -ਗੁਰਮੁਖ ਸਿੰਘ ਸੋਹਲ, ਪਵਨ ਕੁਮਾਰ ਵੀ ਹਾਜ਼ਰ ਸਨ।