ਐਸ ਏ ਐਸ ਨਗਰ : ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ.ਨਗਰ, ਸ੍ਰੀ ਨਵਨੀਤ ਸਿੰਘ ਮਾਹਲ ਪੀ.ਪੀ.ਐਸ. ਕਪਤਾਨ ਪੁਲਿਸ ਟ੍ਰੈਫਿਕ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਕਰਨੈਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਟ੍ਰੈਫਿਕ ਵੱਲੋਂ ਅੱਜ ਜ਼ਿਲ੍ਹਾ ਐੱਸ. ਏ. ਐੱਸ ਨਗਰ ਵਿੱਚ ਵੱਖ ਵੱਖ ਥਾਵਾ ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਕੂਲੀ ਬੱਸਾਂ ਵਿੱਚ ਕੈਮਰਿਆਂ, ਫਾਇਰ ਸਿਲੰਡਰ, ਫਸਟ ਏਡ ਬਾਕਸ ਆਦਿ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆਂ, ਉਹਨਾਂ ਸਕੂਲੀ ਬੱਸਾਂ ਖਿਲਾਫ ਟ੍ਰੈਫਿਕ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਗਈ। ਇਸ ਚੈਕਿੰਗ ਦਾ ਮੁੱਖ ਉਪਦੇਸ਼ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਹੋਏ ਸਕੂਲੀ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਚੈਕਿੰਗ ਦੌਰਾਨ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲੀ ਬੱਸਾਂ ਨੂੰ ਨਿਰਧਾਰਿਤ ਕੀਤੀ ਗਈ ਗਤੀ ਤੋਂ ਵੱਧ ਨਾ ਚਲਾਇਆ ਜਾਵੇ।
ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਡੀ ਐਸ ਪੀ ਟ੍ਰੈਫਿਕ ਨੇ ਸਕੂਲੀ ਬੱਚਿਆ ਨਾਲ ਗੱਲਬਾਤ ਕਰਦੇ ਹੋਏ, ਸਕੂਲੀ ਬੱਚਿਆਂ ਨੂੰ ਦੱਸਿਆ ਕਿ ਜੇਕਰ ਤੁਹਾਡੀ ਬੱਸ ਦਾ ਡਰਾਇਵਰ ਸਕੂਲੀ ਬੱਸ ਨੂੰ ਓਵਰ ਸਪੀਡ ਜਾਂ ਰੌਂਗ ਸਾਈਡ ਤੇ ਚਲਾਉਦਾ ਹੈ ਤਾਂ ਤੁਸੀਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਜਾ ਸੀਨੀਅਰ ਅਧਿਆਪਕਾਂ ਨੂੰ ਇਸ ਸਬੰਧੀ ਸੂਚਨਾ ਦਿਓ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਡੀ ਐਸ ਪੀ ਟ੍ਰੈਫਿਕ ਨੇ ਅੰਤ ਵਿੱਚ ਸਾਰੇ ਸਕੂਲਾਂ ਦੇ ਬੱਸ ਡਰਾਇਵਰਾਂ ਨੂੰ ਦੱਸਿਆ ਕਿ ਸਕੂਲੀ ਬੱਸ ਚਲਾਉਦੇ ਸਮੇਂ ਆਪਣੀ ਵਰਦੀ ਜ਼ਰੂਰ ਪਹਿਨੋ, ਸਮੇਂ-ਸਮੇਂ ਦੌਰਾਨ ਸਕੂਲੀ ਬੱਸਾਂ ਦੀ ਚੈਕਿੰਗ ਕਰਵਾਓ, ਸਾਰੀਆਂ ਸਕੂਲ ਬੱਸਾਂ ਵਿੱਚ ਇੱਕ ਕੰਡਕਟਰ ਜਾਂ ਇੱਕ ਸਹਾਇਕ ਜਰੂਰ ਹੋਣਾ ਚਾਹੀਦਾ ਹੈ, ਸਹਾਇਕ ਨੂੰ ਛੋਟੇ ਬੱਚਿਆਂ ਨੂੰ ਸੰਭਾਲਣ ਲਈ ਢੁਕਵੀਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਸਾਰੀਆਂ ਸਕੂਲੀ ਬੱਸਾਂ ਵਿੱਚ ਨਿਯਮਾਂ ਦੇ ਤਹਿਤ ਲੋੜ ਅਨੁਸਾਰ ਫਸਟ-ਏਡ-ਬਾਕਸ ਅਤੇ ਅੱਗ ਬੁਝਾਊ ਯੰਤਰ ਹੋਣਾ ਜ਼ਰੂਰੀ ਹੈ।