ਸੁਨਾਮ : ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਮੂਣਕ ਤੇ ਹਮਲਾ ਕਰਨ ਦੀ ਡੈਮੋਕ੍ਰੇਟਿਕ ਮਨਰੇਗਾ ਫਰੰਟ ਨੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ ਨੇ ਜ਼ਾਰੀ ਬਿਆਨ ਵਿੱਚ ਕਿਹਾ ਕਿ ਲੋਕਤੰਤਰੀ ਰਾਜ ਪ੍ਰਣਾਲੀ ਵਿੱਚ ਹੱਕਾਂ ਲਈ ਲ਼ੜਨ ਦਾ ਜਮਹੂਰੀ ਹੱਕ ਮਿਲਿਆ ਹੋਇਆ ਹੈ ਲੇਕਿਨ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਮਜ਼ਦੂਰ ਆਗੂ ਹਰਭਗਵਾਨ ਮੂਣਕ ਤੇ ਪਿੰਡ ਦੇ ਕੁੱਝ ਇੱਕ ਵਿਅਕਤੀਆਂ ਨੇ ਡੀਐਸਪੀ ਦਫ਼ਤਰ ਦੇ ਸਾਹਮਣੇ ਹਮਲਾ ਕਰਕੇ ਆਪਣੀ ਝੰਜੋੜੀ ਮਾਨਸਿਕਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਆਖਿਆ ਕਿ ਗਰੀਬ ਲੋਕਾਂ ਦੇ ਹੱਕ ਵਿੱਚ ਬਣੇ ਕਾਨੂੰਨ ਨੂੰ ਸਰਕਾਰ ਲਾਗੂ ਨਾ ਕਰਕੇ ਗਰੀਬ ਵਿਰੋਧੀ ਸਾਬਤ ਹੋ ਰਹੀ ਹੈ। ਮਾਮਲਾ ਜਮੀਨ ਦਾ ਹੋਵੇ ਜਾਂ ਮਨਰੇਗਾ ਕਿਸੇ ਵੀ ਤਰ੍ਹਾਂ ਦਾ ਸਰਕਾਰ ਦੀ ਸ਼ਹਿ ਤੇ ਆਮ ਲੋਕਾਂ ਤੇ ਗੁੰਡਾਗਰਦੀ ਕਰਨ ਲਈ ਪਿੰਡਾਂ ਵਿੱਚ ਗੁੁੰਡੇ ਪਾਲੇ ਹੋਏ ਹਨ। ਲੋਕਾਂ ਨੂੰ ਹੱਕ ਦਿਵਾਉਣ ਦੇ ਨਾਮ ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਲੋਕਾਂ ਦੇ ਹੱਕ ਕੋਝੀਆਂ ਚਾਲਾਂ ਨਾਲ ਦੱਬਣਾ ਚਾਹੁੰਦੀ ਹੈ। ਡੈਮੋਕ੍ਰੇਟਿਕ ਮਨਰੇਗਾ ਫਰੰਟ ਪੰਜਾਬ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।