ਸੁਨਾਮ : ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸੀਨੀਅਰ ਆਗੂ ਰਾਜਿੰਦਰ ਦੀਪਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀ ਕਾਰਵਾਈ ਨੂੰ ਨਿੰਦਣਯੋਗ ਵਰਤਾਰਾ ਕ਼ਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਦੇ ਇਸ਼ਾਰਿਆਂ ਤੇ ਵਿਜੀਲੈਂਸ ਵੱਲੋਂ ਰਾਜਨੀਤਕ ਕਿੜ ਕੱਢਣ ਲਈ ਕੀਤੀ ਕਾਰਵਾਈ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਸਾਰਿਆਂ ਨੂੰ ਨਿਖੇਧੀ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਸੁਨਾਮ ਤੋਂ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਆਪਣੇ ਸ਼ੋਸ਼ਲ ਮੀਡੀਆ ਖ਼ਾਤੇ ਤੇ ਲਾਈਵ ਹੋਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਤੇ ਹੋਰ ਜਿਹੜੇ ਕਥਿਤ ਤੌਰ ਤੇ ਆਮਦਨ ਤੋਂ ਵੱਧਕੇ ਮਹਿਲ, ਕੋਠੀਆਂ ਤੇ ਵਪਾਰਿਕ ਸਾਧਨ ਬਣਾ ਰਹੇ ਹਨ ਹਨ ਕੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ? ਉਨ੍ਹਾਂ ਆਖਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਸਿਆਸੀ ਕਿੜਾਂ ਕੱਢਣ ਲਈ ਕੀਤੀ ਗਈ ਹੈ, ਪਹਿਲਾਂ ਉਨ੍ਹਾਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਬਦਨਾਮ ਕਰਨ ਲਈ ਕੂੜ ਪ੍ਰਚਾਰ ਕੀਤਾ ਗਿਆ ਅਤੇ ਫਿਰ ਉਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੋਡੇ ਟੇਕ ਕੇ ਬਿਕਰਮ ਸਿੰਘ ਮਜੀਠੀਆ ਤੋਂ ਮਾਨਹਾਨੀ ਮਾਮਲੇ ਵਿੱਚ ਮੁਆਫ਼ੀ ਮੰਗ ਚੁੱਕੇ ਹਨ। ਰਾਜਿੰਦਰ ਦੀਪਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਦਾ ਸਮਾਂ ਡੇਢ਼ ਸਾਲ ਬਾਕੀ ਰਹਿ ਗਿਆ ਹੈ, ਸਰਕਾਰ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇੱਕ ਘੰਟਾ ਵੀ ਜੇਲ੍ਹ ਵਿੱਚ ਨਹੀਂ ਬਿਤਾਇਆ ਜਾਣਾ ਕਿਉਂਕਿ ਆਦਤਾਂ ਮਾੜੀਆਂ ਪੈ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਵੱਲੋਂ ਐਫ਼ ਆਈ ਆਰ ਵਿੱਚ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਬਦਨਾਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੋੜ ਕੇ ਕੂੜ ਪ੍ਰਚਾਰ ਕੀਤਾ ਗਿਆ।