ਹੁਸ਼ਿਆਰਪੁਰ : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਤੇ ਹਲਕਾ ਸ਼ਾਮ 84 ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਦੀਆਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਵਿਵਾਦ ਗ੍ਰਸਤ ਵੀਡੀਓਜ ਦੀਆਂ ਤਸਵੀਰਾਂ ਨੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਤਰਥਲੀ ਮਚਾ ਕੇ ਰੱਖੀ ਹੋਈ ਹੈ ਇਹਨਾਂ ਪੋਸਟਾਂ ਉੱਪਰ ਜਿੱਥੇ ਸੂਝਵਾਨ ਬੁੱਧੀਜੀਵੀਆਂ ਵੱਲੋਂ ਆਪਣੇ ਕੁਮੈਂਟਾਂ ਵਿੱਚ ਇਸ ਵਰਤਾਰੇ ਦੀ ਨਿੰਦਾ ਕਰਦਿਆਂ ਇਸ ਨੂੰ ਇਖਲਾਕ ਤੋਂ ਡਿਗੀ ਹੋਈ ਕਾਰਵਾਈ ਅਤੇ ਘਟੀਆ ਰਾਜਨੀਤੀ ਦੀ ਪੈਦਾਵਾਰ ਕਰਾਰ ਦਿੱਤਾ ਉੱਥੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਰਾਂ ਨੇ ਇਸ ਦੇ ਸੰਬੰਧ ਵਿੱਚ ਵੱਖ ਵੱਖ ਕੁਮੈਂਟ ਕਰਦਿਆਂ ਆਪਣੀ ਰਾਏ ਦਿੱਤੀ ਹੈ | ਸਥਾਨਿਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣਾ ਸਪਸ਼ਟੀਕਰਨ ਦਿੰਦਿਆਂ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੀ ਚੇਤਾਵਨੀ ਦਿੱਤੀ ਹੈ | ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਡਾਕਟਰ ਰਵਜੋਤ ਸਿੰਘ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਲੁਧਿਆਣਾ ਉਪ-ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਵੇਖ ਕੇ ਵਿਰੋਧੀ ਧਿਰ ਇੰਨੀ ਬੌਖਲਾ ਗਈ ਹੈ ਕਿ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨ੍ਹਾਂ ਦੇ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ ਏਆਈ ਦੀ ਮਦਦ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ। ਇਨ੍ਹਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਪੰਜਾਬ ਦੀ ਜਨਤਾ ਨੇ ਇਨ੍ਹਾਂ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਹੈ।ਇਹ ਹਰਕਤ ਸਿਰਫ ਮੇਰੀ ਨਹੀਂ, ਸਗੋਂ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਨ੍ਹਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ।ਇਹ ਸਿਰਫ ਨਿੱਜੀ ਹਮਲਾ ਨਹੀਂ, ਸਗੋਂ ਜਾਤੀ ਅਤੇ ਸਿਆਸੀ ਸਾਜ਼ਿਸ਼ ਹੈ। ਲੁਧਿਆਣਾ ਉਪ-ਚੋਣ ਤੋਂ ਠੀਕ ਦੋ ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਹੈ ਕਿ ਆਪ ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਹੈ।ਮੈਂ ਇਸ ਘਟੀਆ ਸਾਜ਼ਿਸ਼ ਅਤੇ ਝੂਠ ਫੈਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਮੈਂ ਐਫ਼ਆਈਆਰ ਵੀ ਕਰਵਾਵਾਂਗਾ ਅਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ। ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਇੰਨੀ ਘਟੀਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮੁਆਫ ਨਹੀਂ ਕਰਾਂਗਾ।ਜਨਤਾ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ 'ਤੇ ਭਰੋਸਾ ਰੱਖੋ ਅਤੇ ਅਜਿਹੇ ਗਿਰੇ ਹੋਏ ਆਗੂਆਂ ਦੇ ਫੈਲਾਏ ਝੂਠ ਅਤੇ ਗੰਦਗੀ ਤੋਂ ਸੁਚੇਤ ਰਹੋ। ਅਸੀਂ ਸੱਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਹਾਂ, ਅਤੇ ਕਰਦੇ ਰਹਾਂਗੇ।