ਹੁਸ਼ਿਆਰਪੁਰ : ਮਹਿੰਦਰ ਸੂਦ ਵਿਰਕ ਇਕ ਉਭਰਦਾ ਨਾਮਵਰ ਨੌਜਵਾਨ ਸ਼ਾਇਰ ਹੈ। ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਸਖ਼ਤ ਮਿਹਨਤ ਕਰਕੇ ਅਨੇਕਾਂ ਕਾਵਿ ਰਚਨਾਂਵਾਂ ਨੂੰ ਜਨਮ ਦਿੱਤਾ ਅਤੇ ਡਿਜ਼ੀਟਲ ਕ੍ਰਾਂਤੀ ਦਾ ਸਹਾਰਾ ਲੈਂਦੇ ਹੋਏ ਉਨ੍ਹਾਂ ਨੂੰ ਪੰਜਾਬੀ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਇਆ। ਇਸ ਨੇ ਆਪਣੀਆਂ ਕਾਵਿ ਰਚਨਾਂਵਾਂ ਵਿੱਚ ਆਪਣੇ ਖਿਆਲਾਂ ਨੂੰ ਭਾਰੂ ਕਰਦੇ ਹੋਏ ਕਿਸੇ ਵੀ ਬੰਦਸ਼ ਤੋਂ ਦੂਰ ਰਹਿਣ ਨੂੰ ਤਰਜ਼ੀਹ ਦਿੱਤੀ ਹੈ। ਇਸ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਤਿੰਨ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ " ਸੱਚ ਦਾ ਹੋਕਾ " ਅਤੇ " ਸੱਚ ਕੌੜਾ ਆ " ਅਤੇ "ਸੱਚ ਵਾਂਗ ਕੱਚ" ਨੂੰ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਆਪਣਾ ਨਾਮ ਸਥਾਪਤ ਕਵੀਆਂ ਦੀ ਕਤਾਰ ਵਿੱਚ ਲੈ ਕੇ ਆਂਦਾ ਹੈ। ਪਿਤਾ ਦੀ ਮੌਤ ਤੋਂ ਬਾਅਦ ਲਿਖਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਚਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੇ ਪ੍ਰਵਾਹ ਕੀਤੇ ਬਿਨਾਂ ਪੂਰੀ ਸਪੀਡ ਨਾਲ ਲਿਖਣ ਦੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਇਨ੍ਹਾਂ ਈ ਬੁੱਕਾਂ ਨੇ ਪਾਠਕਾਂ ਦਾ ਅਥਾਹ ਪਿਆਰ ਇਸਦੀ ਝੋਲੀ ਵਿੱਚ ਪਾਇਆ। ਜਿਸ ਪਿਆਰ ਸਦਕਾ ਹੀ ਮਹਿੰਦਰ ਸੂਦ ਤੋਂ ਮਹਿੰਦਰ ਸੂਦ ਵਿਰਕ ਬਣੇ ਇਸ ਨੌਜਵਾਨ ਸ਼ਾਇਰ ਨੂੰ ਚੌਥੇ ਕਾਵਿ ਸੰਗ੍ਰਹਿ ਨੂੰ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਦਾ ਬੱਲ ਮਿਲਿਆ ਹੈ। ਇਸ ਦੇ ਚੌਥੇ ਕਾਵਿ ਸੰਗ੍ਰਹਿ "ਸੱਚੇ ਸੁੱਚੇ ਹਰਫ਼" ਨੂੰ ਖੁਸ਼ ਆਮਦੀਦ ਕਹਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਪਾਠਕ ਇਸ ਨੂੰ ਪਹਿਲਾਂ ਵਰਗਾ ਹੀ ਪਿਆਰ ਦੇਣਗੇ ਅਤੇ ਇਸ ਦੀ ਕਲਮ ਨੂੰ ਹੋਰ ਬਲ ਬਖਸ਼ਣਗੇ।
ਮਹਿੰਦਰ ਸੂਦ ਵਿਰਕ ਬਹੁਤ ਹੀ ਮਿਲਾਪੜਾ,ਮਿਹਨਤੀ ਤੇ ਮਿਲਣਸਾਰ ਹਸਮੁੱਖ ਸ਼ਾਇਰ ਹੈ ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ। ਅਜਿਹੇ ਸ਼ਾਇਰ ਦੀਆਂ ਕਿਰਤਾਂ ਨੂੰ ਖੁਸ਼ ਆਮਦੀਦ ਕਹਿਣਾ ਤਾਂ ਬਣਦਾ ਹੈ।