Thursday, December 18, 2025

Chandigarh

ਪੰਜਾਬ ਸਰਕਾਰ ਨੇ ਘਟੀਆ ਦਰਜੇ ਦੀ ਨਾਰਮਲ ਸਲਾਈਨ ਸਪਲਾਈ ਕਰਨ ਦੇ ਦੋਸ਼ ਹੇਠ ਕੈਪਟੈਬ ਬਾਇਓਟੈਕ ਕੰਪਨੀ ‘ਤੇ 3 ਸਾਲਾਂ ਲਈ ਲਗਾਈ ਰੋਕ

June 12, 2025 07:51 PM
SehajTimes

ਕੰਪਨੀ ਦੀ 3,30,000 ਰੁਪਏ ਦੀ ਕਾਰਗੁਜ਼ਾਰੀ ਸਕਿਊਰਿਟੀ ਕੀਤੀ ਜ਼ਬਤ, ਬਕਾਇਆ ਭੁਗਤਾਨ ਰੋਕੇ: ਡਾ. ਬਲਬੀਰ ਸਿੰਘ

ਸੀਡੀਐਸਸੀਓ ਨੇ ਤੁਰੰਤ ਕਾਰਵਾਈ ਕਰਦਿਆਂ ਮੈਸਰਜ਼ ਕੈਪਟੈਬ ਬਾਇਓਟੈਕ ਦੀਆਂ ਉਤਪਾਦਨ ਪ੍ਰਕਿਰਿਆਵਾਂ ਕੀਤੀਆਂ ਬੰਦ

ਚੰਡੀਗੜ੍ਹ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਫਾਰਮਾ ਕੰਪਨੀ ਮੈਸਰਜ਼ ਕੈਪਟੈਬ ਬਾਇਓਟੈਕ, ਸੋਲਨ ਵੱਲੋਂ ਘਟੀਆ ਦਰਜੇ ਦੀ ਆਈਵੀ ਫਲਿਊਡ ਜਾਂ ਨਾਰਮਲ ਸਲਾਈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਨੂੰ ਸਪਲਾਈ ਕਰਨ ਦੇ ਦੋਸ਼ ਹੇਠ ਉਕਤ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕੰਪਨੀ ‘ਤੇ ਪੰਜਾਬ ਸਰਕਾਰ ਦੇ ਕਿਸੇ ਵੀ ਟੈਂਡਰ ਵਿੱਚ ਹਿੱਸਾ ਲੈਣ ਤੋਂ ਤਿੰਨ ਸਾਲਾਂ ਲਈ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੀਐਚਐਸਸੀ ਨੂੰ ਸਪਲਾਈ ਕੀਤੀਆਂ ਜਾ ਰਹੀਆਂ 11 ਵਸਤੂਆਂ ਦੀ ਕੀਮਤ ਸਬੰਧੀ ਸਾਰੇ ਕੰਟਰੈਕਟ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ, "ਕੰਪਨੀ ਦੀ 3,30,000 ਰੁਪਏ ਦੀ ਕਾਰਗੁਜ਼ਾਰੀ ਸਕਿਊਰਿਟੀ ਰਕਮ ਜ਼ਬਤ ਕਰ ਲਈ ਹੈ ਅਤੇ ਬਕਾਇਆ ਭੁਗਤਾਨ ਰੋਕ ਦਿੱਤੇ ਗਏ ਹਨ।"
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਰੱਗ ਐਂਡ ਕਾਸਮੈਟਿਕਸ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਕੋਲ ਇਹ ਮਾਮਲਾ ਉਠਾਉਣ ਉਪਰੰਤ, ਅਥਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੰਪਨੀ ਦੇ ਸਾਰੇ ਨਿਰਮਾਣ/ਉਤਪਾਦਨ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਅੰਮ੍ਰਿਤਸਰ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਕੁਝ ਮਰੀਜ਼ਾਂ ਨੂੰ ਮੈਸਰਜ਼ ਕੈਪਟੈਬ ਬਾਇਓਟੈਕ ਵੱਲੋਂ ਤਿਆਰ ਕੀਤੀ ਨਾਰਮਲ ਸਲਾਈਨ ਦੀ ਵਰਤੋਂ ਕਾਰਨ ਹੋਏ ਐਡਵਰਸ ਡਰੱਗ ਰਿਐਕਸ਼ਨ (ਏਡੀਆਰ) ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਤੁਰੰਤ ਕਾਰਵਾਈ ਕਰਦਿਆਂ, ਡੀਐਚਐਸ ਪੰਜਾਬ ਨੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਉਕਤ ਨਾਰਮਲ ਸਲਾਈਨ ਦੇ ਪੂਰੇ ਸਟਾਕ ਨੂੰ ਫ੍ਰੀਜ਼ ਕਰ ਦਿੱਤਾ ਸੀ ਅਤੇ ਪੀਐਚਐਸਸੀ ਨੇ ਕੰਪਨੀ ਵੱਲੋਂ ਸਪਲਾਈ ਕੀਤੇ ਗਏ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਸੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਐਫਡੀਏ ਪੰਜਾਬ ਅਤੇ ਸੀਡੀਐਸਸੀਓ, ਨਵੀਂ ਦਿੱਲੀ ਦੀ ਸਾਂਝੀ ਟੀਮ ਵੱਲੋਂ ਉਕਤ ਨਾਰਮਲ ਸਲਾਈਨ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀਐਚਐਸਸੀ ਵੱਲੋਂ ਸੂਬੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਤੋਂ ਨਾਰਮਲ ਸਲਾਈਨ ਦਾ ਸਾਰਾ ਸਟਾਕ ਕੰਪਨੀ ਵੱਲੋਂ ਆਪਣੇ ਖਰਚੇ 'ਤੇ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਜਾਣ ਉਪਰੰਤ ਉਕਤ ਕੰਪਨੀ ਨੇ ਸਾਰਾ ਬਚਿਆ ਹੋਇਆ ਸਟਾਕ ਵਾਪਸ ਮੰਗਵਾ ਲਿਆ ਸੀ।
ਉਹਨਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਤਿੰਨ ਲੈਬਾਂ, ਜਿਨ੍ਹਾਂ ਨੇ ਪਹਿਲਾਂ ਇਸ ਕੰਪਨੀ ਦੇ ਨਮੂਨਿਆਂ ਨੂੰ ਪਾਸ ਕੀਤਾ ਸੀ ਅਤੇ ਬਾਅਦ ਵਿੱਚ ਜਿਹਨਾਂ ਨੂੰ ‘ਗੈਰ-ਮਿਆਰੀ’ ਘੋਸ਼ਿਤ ਕਰ ਦਿੱਤਾ ਗਿਆ ਹੈ, ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਜਾਰੀ ਕੀਤੀ ਗੰਭੀਰ ਗਰਮੀ ਦੀ ਚੇਤਾਵਨੀ ਦੇ ਮੱਦੇਨਜ਼ਰ, ਡਾ. ਬਲਬੀਰ ਸਿੰਘ ਨੇ ਇੱਕ ਪਬਲਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਜਿਸ ਵਿੱਚ ਸਾਰੇ ਨਾਗਰਿਕਾਂ ਨੂੰ ਅਤਿ ਦੀ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਨੇ ਵਾਰ-ਵਾਰ ਪਾਣੀ ਪੀਣ ਅਤੇ ਬਾਹਰ ਨਿਕਲਦੇ ਸਮੇਂ ਪਾਣੀ ਨਾਲ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਨਵਜੰਮੇ ਬੱਚਿਆਂ, ਬੱਚੇ, ਗਰਭਵਤੀ ਔਰਤਾਂ, ਬਜ਼ੁਰਗਾਂ, ਮੋਟਾਪੇ ਜਾਂ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਅਤੇ ਦਿਲ ਦੀਆਂ ਬਿਮਾਰੀਆਂ ਜਾਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਸਮੇਤ ਸੰਵੇਦਨਸ਼ੀਲ ਸਮੂਹਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਿੱਧੀ ਧੁੱਪ ਵਿੱਚ ਕੰਮ ਕਰਨ ਵਾਲੇ ਮਜ਼ਦੂਰ, ਉਸਾਰੀ ਕਾਮੇ ਅਤੇ ਗਲੀਆਂ ‘ਚ ਫੇਰੀ ਵਾਲੇ ਵਿਅਕਤੀਆਂ ਨੂੰ ਖਾਸ ਤੌਰ 'ਤੇ ਗਰਮੀ ਤੋਂ ਖ਼ਤਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਛਾਂਦਾਰ ਖੇਤਰਾਂ ਵਿੱਚ ਆਰਾਮ ਕਰਨਾ ਚਾਹੀਦਾ ਹੈ ਅਤੇ ਗਰਮੀ ਦੇ ਸਿਖਰ ਸਮੇਂ ਨਿਯਮਿਤ ਤੌਰ 'ਤੇ ਪਾਣੀ ਪੀਣਾ ਚਾਹੀਦਾ ਹੈ।
ਸਿਹਤ ਮੰਤਰੀ ਨੇ ਸੂਬਾ ਵਾਸੀਆਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰੀ ਗਤੀਵਿਧੀਆਂ ਤੋਂ ਬਚਣ, ਹਲਕੇ, ਢਿੱਲੇ ਸੂਤੀ ਕੱਪੜੇ ਪਹਿਨਣ ਅਤੇ ਬਾਹਰ ਨਿਕਲਦੇ ਸਮੇਂ ਟੋਪੀਆਂ, ਪੱਗਾਂ ਜਾਂ ਦੁਪੱਟੇ ਨਾਲ ਆਪਣੇ ਸਿਰ ਢੱਕਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਹਾਈਡ੍ਰੇਟ ਰਹਿਣ ਲਈ ਮੌਸਮੀ ਫਲਾਂ ਦੇ ਸੇਵਨ ਅਤੇ ਘਰੇਲੂ ਪੀਣ ਵਾਲੇ ਪਦਾਰਥਾਂ ਜਿਵੇਂ ਨਿੰਬੂ ਪਾਣੀ, ਲੱਸੀ ਤੇ ਨਾਰੀਅਲ ਪਾਣੀ ਆਦਿ ਲਈ ਉਤਸ਼ਾਹਿਤ ਕੀਤਾ ਅਤੇ ਸ਼ਰਾਬ, ਕੈਫੀਨ ਯੁਕਤ ਪੀਣ ਵਾਲੇ ਪਦਾਰਥ, ਤਲੇ ਜਾਂ ਬਾਸੀ ਭੋਜਨ ਤੋਂ ਪਰਹੇਜ਼ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਗਰਮੀ ਨਾਲ ਸਬੰਧਤ ਲੱਛਣ ਜਿਵੇਂ ਕਿ ਸਰੀਰ ਦਾ ਤਾਪਮਾਨ ਵਧਣਾ, ਪਸੀਨਾ ਨਾ ਆਉਣਾ, ਸੁੱਕੀ ਲਾਲ ਚਮੜੀ, ਚੱਕਰ ਆਉਣੇ, ਉਲਟੀਆਂ, ਉਲਝਣ ਜਾਂ ਬੇਹੋਸ਼ੀ ਦੇ ਲੱਛਣ ਮਹਿਸੂਸ ਹੁੰਦੇ ਹਨ, ਤਾਂ ਉਨ੍ਹਾਂ ਨੂੰ 104 ਹੈਲਪਲਾਈਨ 'ਤੇ ਕਾਲ ਕਰਕੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਪਿਛਲੇ ਕੁਝ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮਾਮੂਲੀ ਵਾਧੇ ਬਾਰੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਜਨਤਾ ਨੂੰ ਅਪੀਲ ਕਰਦਿਆਂ ਉਹਨਾਂ ਨੂੰ ਨਾ ਘਬਰਾਉਣ ਅਤੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਸਬੰਧੀ ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਉਹਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣਾ ਚਾਹੀਦਾ ਹੈ ਅਤੇ ਬਜ਼ੁਰਗਾਂ, ਕਮਜ਼ੋਰ ਇਮੂਨਿਟੀ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ ਕਿਸੇ ਬੀਮਾਰੀ ਤੋਂ ਪੀੜਤ ਮਰੀਜਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਕਿਉਂਕਿ ਉਹਨਾਂ ਨੂੰ ਲਾਗ ਲੱਗਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
ਇਸ ਤੋਂ ਇਲਾਵਾ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ, ਖੰਘ, ਗਲੇ ਵਿੱਚ ਖਰਾਸ਼ ਜਾਂ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਕੋਈ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਡਾਕਟਰੀ ਸਹਾਇਤਾ ਲੈਣ। ਪੰਜਾਬ ਸਰਕਾਰ ਕੋਵਿਡ-19 ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਰੇ ਭਵਿੱਖੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।

Have something to say? Post your comment

 

More in Chandigarh

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਚਿਰਾਂ ਤੋਂ ਬੰਦ ਰੂਟ 25/102 ਚਲਾਉਣ ਦੇ ਆਦੇਸ਼ ਜਾਰੀ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ