Tuesday, September 16, 2025

Doaba

ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁਰ 'ਚ ਕਿੱਤਾ ਮੁੱਖੀ ਤਕਨੀਕੀ ਸਿਖਲਾਈ 'ਚ ਆਇਆ ਨਿਘਾਰ 

June 07, 2025 11:58 AM
SehajTimes
ਹੁਸ਼ਿਆਰਪੁਰ : ਸਮੁੱਚੇ ਭਾਰਤ ਵਿੱਚ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਾਂ ਲਈ ਸਕਿੱਲਡ ਵਰਕਰ ਪੈਦਾ ਕਰਨ ਲਈ ਸਥਾਪਿਤ ਸੰਸਥਾਵਾਂ ਚੋਂ ਉੱਘੀ ਸੰਸਥਾ ਉਦਯੋਗਿਕ ਸਿਖਲਾਈ ਕੇਂਦਰ (ਸਰਕਾਰੀ ਆਈਟੀਆਈ) ਹੁਸ਼ਿਆਰਪੁਰ ਹੁਣ ਵੇਲਾ ਵਿਹਾ ਚੁੱਕੀ ਹੋਣ ਦੇ ਨਾਲ ਨਾਲ ਭ੍ਰਿਸ਼ਟਾਚਾਰ ਦਾ ਵੱਡਾ ਕੇਂਦਰ ਬਣ ਕੇ ਰਹਿ ਗਈ ਹੈ| ਕਿਸੇ ਸਮੇਂ ਇਸ ਨਾਮਵਰ ਸੰਸਥਾ ਵਿੱਚ 56 ਵੱਖ-ਵੱਖ ਟ੍ਰੇਡਾਂ ਵਿੱਚ ਕਿੱਤਾ ਮੁੱਖੀ ਤਕਨੀਕੀ ਸਿਖਲਾਈ ਦਿੱਤੀ ਜਾਂਦੀ ਰਹੀ ਹੈ। ਇਸ ਸੰਸਥਾ ਦੇ ਇਮਾਨਦਾਰ ਅਤੇ ਮਿਹਨਤੀ ਸਟਾਫ ਦੀ ਯੋਗ ਅਗਵਾਈ ਨਾਲ ਸਿਖਿਆਰਥੀਆਂ ਨੇ ਜਿੱਥੇ ਕਿੱਤਾ ਮੁੱਖੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਵਿੱਚ ਹਿੰਦੁਸਤਾਨ ਅਤੇ ਪੰਜਾਬ ਪੱਧਰ ਤੇ ਮੱਲਾਂ ਮਾਰੀਆਂ ਉੱਥੇ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਸਮੁੱਚੇ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ। ਪੰਜਾਬ ਭਰ ਦੀਆਂ ਇਨ੍ਹਾਂ ਸੰਸਥਾਵਾਂ ਵਿੱਚ ਘੱਟ ਪੜ੍ਹੇ ਲਿਖੇ ਨੌਜਵਾਨ ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਿਖਿਆਰਥੀ ਸੰਨ 1993 ਤੱਕ ਮੁਫਤ ਕਿੱਤਾ ਮੁਖੀ ਸਿਖਲਾਈ ਪ੍ਰਾਪਤ ਕਰਦੇ ਰਹੇ। ਇਹ ਉਹ ਸਮਾਂ ਸੀ ਜਦੋਂ ਦੇਸ਼ ਦੀ ਵਿਕਾਸ ਦਰ ਕੇਵਲ 2% ਪ੍ਰਤੀਸ਼ਤ ਦੱਸੀ ਜਾਂਦੀ ਸੀ। ਉਸ ਵਕਤ ਵੱਖ ਵੱਖ ਟ੍ਰੇਡਾਂ ਦੇ ਕਰੀਬ ਸਾਰੇ ਹੀ ਸਿਖਿਆਰਥੀਆਂ ਨੂੰ ਕਿਸੇ ਨਾ ਕਿਸੇ ਸਕੀਮ ਤਹਿਤ ਵਜੀਫਾ ਵੀ ਦਿੱਤਾ ਜਾਂਦਾ ਸੀ। ਸਿਖਿਆਰਥੀਆਂ ਦੀ ਸਿਖਲਾਈ ਲਈ ਸਟੇਸ਼ਨਰੀ ਦੇ ਨਾਲ ਨਾਲ ਪ੍ਰੈਕਟੀਕਲ ਸਿਖਲਾਈ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਫੰਡ ਮੁਹਈਆ ਕਰਵਾਏ ਜਾਂਦੇ ਸਨ। ਜਿਸ ਕਰਕੇ ਸਿਖਿਆਰਥੀ ਵਧੀਆ ਸਿਖਲਾਈ ਪ੍ਰਾਪਤ ਕਰਦੇ ਅਤੇ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਵਧੀਆ ਵੱਡੇ ਕਾਰਖਾਨਿਆਂ ਵਿੱਚ ਵੀ ਨੌਕਰੀਆਂ ਪ੍ਰਾਪਤ ਕਰਕੇ ਜਾਂ ਸਵੈ ਰੁਜਗਾਰ ਸਥਾਪਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਅਤੇ ਗੁਜ਼ਾਰਾ ਵਧੀਆ ਢੰਗ ਨਾਲ ਕਰਦੇ ਸਨ। 
90 ਦੇ ਦਹਾਕੇ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਉਦਯੋਗਿਕ ਸਿਖਲਾਈ ਲਈ ਫੰਡ ਘੱਟ ਅਲਾਟ ਕਰਨ ਦੀ ਪ੍ਰਥਾ ਸ਼ੁਰੂ ਹੋ ਚੁੱਕੀ ਸੀ। ਫਿਰ ਰਾਜ ਸਰਕਾਰ ਨੇ 1994 ਵਿੱਚ 450/- ਰੁਪਏ, 2000 ਸੰਨ ਵਿੱਚ 3000/- ਅਤੇ ਸਾਲ 2001 ਵਿੱਚ 3450/- ਰੁਪਏ ਪ੍ਰਤੀ ਸਾਲ ਫੀਸ ਲੈ ਕੇ ਕਿੱਤਾ ਮੁਖੀ ਸਿਖਲਾਈ ਦੇਣੀ ਸ਼ੁਰੂ ਕੀਤੀ। ਫਿਰ ਵੀ ਸਿਖਿਆਰਥੀ ਵੱਡੇ ਪੱਧਰ ਤੇ ਕਿੱਤਾ ਮੁਖੀ ਉਦਯੋਗਿਕ ਸਿੱਖਿਲਾਈ ਪ੍ਰਾਪਤ ਕਰਨ ਲਈ ਰੁਚੀ ਵਿਖਾਉਂਦੇ ਰਹੇ। ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਨਵੀਂ ਤਕਨੀਕ ਅਨੁਸਾਰ ਨਵੀਂ ਮਸ਼ੀਨਰੀ, ਟੂਲਜ਼, ਇਕਊਪਮੈਂਟ ਅਤੇ ਪ੍ਰੈਕਟੀਕਲ ਸਿਖਲਾਈ ਲਈ ਕੱਚੇ ਮਾਲ ਦੀ ਖਰੀਦ ਵਾਸਤੇ ਲੋੜੀਦੇ ਫੰਡ ਮੁਹਈਆ ਨਹੀਂ ਕੀਤੇ ਜਾਂਦੇ ਰਹੇ ਅਤੇ ਨਾ ਹੀ ਸਿਖਿਆਰਥੀਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਰਹੇ ਹਨ। ਇਥੋਂ ਤੱਕ ਕਿ ਇਹਨਾਂ ਸੰਸਥਾਵਾਂ ਦੀਆਂ ਬਿਲਡਿੰਗਾਂ ਅਤੇ ਮਸ਼ੀਨਰੀ ਦੀ ਰਿਪੇਅਰ ਲਈ ਵੀਂ ਫੰਡ ਅਲਾਟ ਨਹੀਂ ਕੀਤੇ ਜਾਂਦੇ ਰਹੇ। ਜਿਸ ਕਰਕੇ ਇਹਨਾਂ ਉਦਯੋਗਿਕ ਸਿਖਲਾਈ ਸੰਸਥਾਵਾਂ ਦੀਆਂ ਵਰਕਸ਼ਾਪਾਂ ਅਤੇ ਬਿਲਡਿੰਗਾਂ ਦੀ ਹਾਲਤ ਅਜੋਕੇ ਸਮੇਂ ਵਿੱਚ ਬਹੁਤ ਹੀ ਮਾੜੀ ਹੋ ਚੁੱਕੀ ਹੈ।
 
ਖਸਤਾ ਹਾਲਤ 'ਤੇ ਹੰਝੂ ਵਹਾ ਰਹੀ ਨਾਮਵਰ ਸੰਸਥਾ :-
 
 ਕਿਸੇ ਸਮੇਂ ਉੱਤਰੀ ਭਾਰਤ ਦੇ ਨਾਮਵਾਰ ਸੰਸਥਾ ਰਹਿ ਚੁੱਕੀ ਆਈਟੀਆਈ ਹੁਸ਼ਿਆਰਪੁਰ ਹੁਣ ਆਪਣੀ ਖਸਤਾ ਹਾਲਤ ਹੰਝੂ ਵਹਾ ਰਹੀ ਹੈ। ਜਾਣਕਾਰੀ ਮਿਲਣ ਤੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਉਦਯੋਗਿਕ ਸਿਖਲਾਈ ਸੰਸਥਾ ਹੁਸ਼ਿਆਰਪੁਰ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਵਰਕਸ਼ਾਪ ਦੇ ਉੱਪਰ ਸ਼ੈਡ ਦੀਆਂ ਸੀਮੈਂਟਡ ਟੀਨਾ ਮਿਆਦ ਪੁਗਾ ਚੁੱਕੀਆਂ ਹੋਣ ਕਰਕੇ ਕਾਫੀ ਮਾਤਰਾ ਵਿੱਚ ਟੁੱਟ ਚੁੱਕੀਆਂ ਹਨ। ਇਹਨਾਂ ਟੁੱਟੀਆਂ ਟੀਨਾ ਰਾਹੀਂ ਧੁੱਪ, ਹਨੇਰੀ ਅਤੇ ਬਾਰਿਸ਼ ਨਾਲ ਮਸ਼ੀਨਾਂ ਖਰਾਬ ਹੋ ਰਹੀਆਂ ਹਨ,ਉਥੇ ਕਬੂਤਰ ਅਤੇ ਹੋਰ ਪੰਛੀ ਵੀ ਵਰਕਸ਼ਾਪ ਵਿਚ ਬਿਠਾਂ ਕਰਕੇ ਗੰਦਗੀ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਸੇ ਤਰ੍ਹਾਂ ਵਰਕਸ਼ਾਪ ਵਿੱਚ ਲੱਗੇ ਹੋਏ ਪੱਖੇ, ਐਗਜਾਸਟ ਫੈਨ ਅਤੇ ਲਾਈਟ ਟਿਊਬਾਂ ਵੀ ਖਰਾਬ ਪਏ ਹੋਏ ਹਨ। ਵਰਕਸ਼ਾਪਾਂ ਦੀ ਬਿਜਲੀ ਵਾਇਰਿੰਗ ਵੀ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਣ ਕਾਰਨ ਬੇਹਦ ਮਾੜੀ ਹੋ ਚੁੱਕੀ ਹੈ। 440 ਵੋਲਟੇਜ਼ ਦੀ ਸਪਲਾਈ ਹੋਣ ਕਾਰਨ ਕਿਸੇ ਵੇਲੇ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਵਰਕਸ਼ਾਪ ਦੇ ਉਪਰ ਸੀਮੈਂਟਡ ਟੀਨਾ ਨਾ ਹੋਣ ਕਾਰਨ ਬਾਰਿਸ਼ ਦੇ ਪਾਣੀ ਨਾਲ ਵਰਕਸ਼ਾਪ ਵਿਚ ਪਈਆਂ ਮਸ਼ੀਨਾਂ ਵੀ ਜੰਗਾਲ ਲਗਣ ਨਾਲ ਖਰਾਬ ਹੋ ਰਹੀਆਂ ਹਨ। ਜਿਸ ਕਰਕੇ ਸਿਖਿਆਰਥੀਆਂ ਵਲੋਂ ਵਰਕਸ਼ਾਪ ਵਿੱਚ ਸਿਖਲਾਈ ਪ੍ਰਾਪਤ ਕਰਨਾ ਅਸੰਭਵ ਹੋ ਗਿਆ ਹੈ। ਸਫਾਈ ਸੇਵਕ ਨਾ ਹੋਣ ਕਾਰਨ ਵਰਕਸ਼ਾਪ ਅਤੇ ਵਾਸ਼ਰੂਮ ਦੀ ਸਫਾਈ ਵੀ ਸਹੀ ਢੰਗ ਨਾਲ ਨਹੀਂ ਹੁੰਦੀ। ਬਾਥਰੂਮ ਬਦਬੋ ਮਾਰ ਰਹੇ ਹਨ ਜਿਵੇਂ ਕਿਸੇ ਹਡਾਂਰੋੜੀ ਕੋਲੋ ਲੰਘ ਰਹੇ ਹੋਵੋਂ। ਇਨ੍ਹਾਂ ਮਸ਼ੀਨਾਂ ਦੀ ਸਾਫ ਸਫਾਈ ਤੇ ਸਾਂਭ ਸੰਭਾਲ ਲਈ ਵਰਕਸ਼ਾਪ ਅਟੈਂਡੈਂਟ ਮੁਲਾਜ਼ਮ ਹੁੰਦੇ ਸਨ ਜਿਨਾਂ ਦੇ ਰਿਟਾਇਰ ਹੋਣ ਉਪਰੰਤ ਇਹਨਾਂ ਮਸ਼ੀਨਾਂ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਦੀ ਕੀਮਤ ਦੀਆਂ ਮਸ਼ੀਨਾਂ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ। ਇਸੇ ਹੀ ਤਰ੍ਹਾਂ ਇੰਸਟਰਕਟਰ ਹੁਣ ਏਟੀਓ ਅਸਾਮੀ ਦੀ ਨਵੀਂ ਭਰਤੀ ਨਾ ਹੋਣ ਕਰਕੇ ਵੀ ਸਿਖਲਾਈ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ। ਨਵੇਂ ਰੈਗੂਲਰ ਸਟਾਫ ਦੀ ਭਰਤੀ ਨਾ ਹੋਣ ਕਾਰਨ ਕਰੋੜਾਂ ਦੀ ਮਸ਼ੀਨਰੀ ਬੇਕਾਰ ਹੁੰਦੀ ਜਾ ਰਹੀ ਅਤੇ ਗਰੀਬ ਪਰਿਵਾਰਾਂ ਦੇ ਸਿਖਿਆਰਥੀਆਂ ਤੋਂ ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਵੀ ਮਿਆਰੀ ਕਿੱਤਾ ਮੁੱਖੀ ਸਿਖਲਾਈ ਨਹੀਂ ਦਿੱਤੀ ਜਾ ਰਹੀ। ਪੁਰਾਣੇ ਸਟਾਫ ਦੇ ਜਿਆਦਾ ਰਿਟਾਇਰ ਹੋਣ ਅਤੇ ਨਵੇਂ ਸਟਾਫ ਦੀਆਂ ਤਰੱਕੀਆਂ ਹੋਣ ਕਾਰਨ ਮੁਹਾਰਤ ਹਾਸਲ ਤਕਨੀਕੀ ਸਿਖਲਾਈ ਦੇਣ ਵਾਲੇ ਸਟਾਫ ਦੀ ਇਸ ਸਮੇਂ ਬਹੁਤ ਵੱਡੀ ਘਾਟ ਹੈ। ਮੋਟੀਆਂ ਫੀਸਾਂ ਲੈ ਕੇ ਘੱਟ ਤਨਖਾਹ ਤੇ ਅਯੋਗ ਮੁਲਾਜਮ ਗੈਸਟ ਫੈਕਲਟੀ ਤੇ ਭਰਤੀ ਕਰਕੇ ਮਿਆਰੀ ਕਿੱਤਾ ਮੁੱਖੀ ਤਕਨੀਕੀ ਸਿਖਲਾਈ ਦੇਣ ਦੀ ਬਜਾਏ ਸਮਾਂ ਕੱਢਿਆ ਜਾ ਰਿਹਾ ਹੈ।
 
ਕੀ ਕਹਿੰਦੇ ਹਨ ਸੰਸਥਾ ਦੇ ਪ੍ਰਿੰਸੀਪਲ ;-
 
 ਸੰਸਥਾ ਅਤੇ ਸਿਖਲਾਈ ਦੀ ਖਸਤਾ ਹਾਲਤ ਸਬੰਧੀ ਜਦੋਂ ਸੰਸਥਾ ਦੇ ਪ੍ਰਿੰਸੀਪਲ ਰੁਪਿੰਦਰ ਸਿੰਘ ਗੁਰਾਇਆ ਨਾਲ ਰਾਬਤਾ ਕਰਨ 'ਤੇ ਉਨ੍ਹਾਂ ਬਤੌਰ ਗੈਸਟ ਫੈਕਲਟੀ ਸਟਾਫ ਦੀ ਨਵੀ ਭਰਤੀ ਕਰਨ,ਬਿਲਡਿੰਗ ਦੀ ਰਿਪੇਅਰ/ਰੈਨੋਵੇਸ਼ਨ ਅਤੇ ਸਿਖਲਾਈ ਲਈ ਲੋੜੀਦੇ ਫੰਡ ਸਰਕਾਰ ਪਾਸੋਂ ਮੰਗਣ ਲਈ ਸਮੇਂ ਸਮੇਂ ਤੇ ਕੀਤੀ ਕਾਰਵਾਈ ਦਾ ਜਿਕਰ ਕਰਦਿਆਂ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਜਦੋਂ ਸਰਕਾਰ ਵਲੋਂ ਉਨ੍ਹਾਂ ਨੂੰ ਵੱਖ ਵੱਖ ਕੰਮਾਂ ਲਈ ਫੰਡ ਮੁਹੱਈਆਂ ਕਰਵਾਏ ਜਾਣਗੇ ਤਾਂ ਉਹ ਇਸ ਸੰਸਥਾ ਅਤੇ ਸਿਖਲਾਈ ਦੀ ਬੇਹਤਰੀ ਲਈ ਕੋਈ ਕਸਰ ਬਾਕੀ ਨਹੀ ਰਹਿਣ ਦੇਣਗੇ।
 
ਵੇਖਣਾ ਹੁਣ ਇਹ ਹੋਵੇਗਾ ਕਿ ਮੌਜੂਦਾ ਰਾਜਨੀਤਕ ਢਾਂਚੇ ਅਧੀਨ ਕੇਂਦਰ ਤੇ ਰਾਜ ਸਰਕਾਰ ਇਨ੍ਹਾਂ ਪੁਰਾਣੀਆਂ ਉਦਯੋਗਿਕ ਸਿਖਲ਼ਾਈ ਸੰਸਥਾਵਾਂ ਦੀ ਕਿੱਤਾ ਮੁੱਖੀ ਤਕਨੀਕੀ ਸਿਖਲਾਈ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਕਰਨ ਲਈ ਸਮੇਂ ਸਿਰ ਫੰਡ ਮੁਹੱਈਆ ਕਰਵਾਉਣ ਲਈ ਕੋਈ ਵਿਸ਼ੇਸ਼ ਯੋਗਦਾਨ ਪਾਉਣਗੇ? ਜਾਂ ਭ੍ਰਿਸ਼ਟ ਮਨਸੂਬਿਆਂ ਦੀ ਪੂਰਤੀ ਲਈ ਨਵੀਆਂ ਬਿਲਡਿੰਗਾਂ ਉਸਾਰ ਕੇ ਅਤੇ ਨਵੀਂ ਮਸ਼ੀਨਰੀ ਖ੍ਰੀਦ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਤੇ ਭੋਲੇਭਾਲੇ ਗਰੀਬ ਲੋਕਾਂ ਤੇ ਬੇਰੁਜਗਾਰ ਨੌਜਵਾਨਾਂ ਦੀ ਲੁੱਟ ਹੀਂ ਕਰਦੇ ਰਹਿਣਗੇ ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ