Wednesday, December 17, 2025

Malwa

GST ਰਜਿਸਟ੍ਰੇਸ਼ਨ ਕਰਵਾਉਣ ਯੋਗ ਕਾਰੋਬਾਰੀ : ETO ਨਿਤਿਨ ਗੋਇਲ 

June 04, 2025 06:26 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਪੰਜਾਬ ਟੈਕਸੇਸ਼ਨ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਈਟੀਓ ਨਿਤਿਨ ਗੋਇਲ ਦੀ ਅਗਵਾਈ ਹੇਠ 3 ਤੋਂ 8 ਜੂਨ ਤੱਕ ਜੀਐਸਟੀ ਰਜਿਸਟ੍ਰੇਸ਼ਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਪੁਰਾਣੀ ਅਨਾਜ ਮੰਡੀ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਦੀ ਅਗਵਾਈ ਹੇਠ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਕਿੱਤਿਆਂ ਨਾਲ ਸਬੰਧਿਤ ਕਾਰੋਬਾਰੀਆਂ ਨੇ ਹਿੱਸਾ ਲਿਆ। ਕੈਂਪ ਨੂੰ ਸੰਬੋਧਨ ਕਰਦਿਆਂ ਈਟੀਓ ਨਿਤਿਨ ਗੋਇਲ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਯੋਗ ਕਾਰੋਬਾਰੀਆਂ ਨੂੰ ਜੀਐਸਟੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਵਿੱਚ ਕੋਈ ਸਮੱਸਿਆ ਜਾਂ ਵਿੱਤੀ ਨੁਕਸਾਨ ਨਹੀਂ ਹੋਵੇਗਾ ਸਗੋਂ ਕਾਰੋਬਾਰੀ ਖੁੱਲ੍ਹਕੇ ਕਾਰੋਬਾਰ ਕਰ ਸਕਣਗੇ ਅਤੇ ਉਹ ਆਪਣਾ ਕਾਰੋਬਾਰ ਵਧਾ ਸਕਣਗੇ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਕਾਰੋਬਾਰੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਜੀਐਸਟੀ ਕੁਲੈਕਸ਼ਨ ਲਗਾਤਾਰ ਵਧ ਰਹੀ ਹੈ। ਉਨ੍ਹਾਂ ਸਾਰੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਨਾਲ ਵੀ ਧੱਕਾ ਨਹੀਂ ਕੀਤਾ ਜਾਵੇਗਾ। ਸਾਰਿਆਂ ਨੂੰ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਈਟੀਓ ਨਿਤਿਨ ਗੋਇਲ ਨੇ ਵਪਾਰੀਆਂ ਦੇ ਸ਼ੰਕਿਆਂ ਦੇ ਜਵਾਬ ਵੀ ਦਿੱਤੇ ਅਤੇ ਉਨ੍ਹਾਂ ਨੂੰ ਹੱਲ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਪਾਰੀ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਉਹ ਹਰ ਵਪਾਰੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੌਜੂਦ ਹਨ। ਉਨ੍ਹਾਂ ਕਿਹਾ ਕਿ 8 ਜੂਨ ਤੱਕ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਯੋਗ ਵਪਾਰੀਆਂ ਨੂੰ ਜੀਐਸਟੀ ਨੰਬਰ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਨਰੇਸ਼ ਕੁਮਾਰ ਭੋਲਾ, ਰਾਮ ਕੁਮਾਰ ਭੁਟਾਲੀਆ, ਅਜੇ ਜਿੰਦਲ ਮਸਤਾਨੀ, ਸੁਰੇਸ਼ ਬਾਂਸਲ, ਸੁਰਜੀਤ ਸਿੰਘ ਆਨੰਦ, ਹਰੀ ਦੇਵ ਗੋਇਲ, ਲਾਜਪਤ ਗਰਗ, ਪ੍ਰਵੇਸ਼ ਕੁਮਾਰ, ਸ਼ੋਭਿਤ ਜੈਨ, ਸੰਤੋਸ਼ ਕੁਮਾਰ ਆਦਿ ਮੈਂਬਰ ਮੌਜੂਦ ਸਨ।

Have something to say? Post your comment