Wednesday, December 17, 2025

Malwa

ਮੁੱਖ ਮੰਤਰੀ ਦੇ ਬਚਕਾਨਾ ਬਿਆਨ ਝੰਜੋੜੀ ਮਾਨਸਿਕਤਾ ਦੀ ਨਿਸ਼ਾਨੀ : ਚੱਠਾ 

June 02, 2025 06:29 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਪ੍ਰਤੀ ਕੀਤੀ ਜਾ ਰਹੀ ਬਚਕਾਨਾ ਬਿਆਨਬਾਜ਼ੀ ਝੰਜੋੜੀ ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਅਤੇ ਲੋਕ ਹਿੱਤਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਨੂੰ ਠੱਲਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਤੇ ਅੱਤਿਆਚਾਰ ਕਰਨ ਜੇਲਾਂ ਚ ਬੰਦ ਕਰਨ ਦੇ ਬਾਵਜੂਦ ਕਿਸਾਨ ਸੰਘਰਸ਼ਾਂ ਦੀ ਚੜ੍ਹਦੀ ਕਲਾ ਵੇਖ ਕੇ ਪੰਜਾਬ ਸਰਕਾਰ ਦੀ ਬੁਖਲਾਹਟ ਦਿਨੋ ਦਿਨ ਵੱਧਦੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨ ਸੰਘਰਸ਼ਾਂ ਤੇ ਕਿਸਾਨ ਆਗੂਆਂ ਪ੍ਰਤੀ ਦਿੱਤੇ ਜਾ ਰਹੇ ਬਚਕਾਨਾ ਬਿਆਨ ਇਸੇ ਬੁਖਲਾਹਟ ਦਾ ਨਤੀਜਾ ਹਨ। ਸੋਮਵਾਰ ਨੂੰ ਸੁਨਾਮ ਨੇੜਲੇ ਪਿੰਡ ਜਵੰਧਾ ਵਿਖੇ ਜਥੇਬੰਦੀ ਦੀ ਕਿਸਾਨ ਆਗੂ ਕੇਵਲ ਸਿੰਘ ਜਵੰਧਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣ ਸਿੰਘ ਚੱਠਾ ਨੇ ਕਿਹਾ ਕਿ ਜ਼ਿਲਾ ਬਠਿੰਡਾ ਦੇ ਪਿੰਡ ਘਸੋਖਾਨਾ ਵਿੱਚੋਂ ਦੀ ਮੌੜ ਮੰਡੀ ਦੇ ਸੀਵਰੇਜ ਦਾ ਪਾਣੀ ਲੰਘਾਉਣ ਲਈ ਪਾਈ ਜਾ ਰਹੀ ਗੈਰਕਾਨੂੰਨੀ ਪਾਈਪ ਦਾ ਵਿਰੋਧ ਕਰ ਰਹੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਸੈਂਕੜੇ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਬੰਦ ਕਰ ਦਿੱਤਾ ਗਿਆ ਹੈ ਜਿੱਥੇ ਕਾਕਾ ਸਿੰਘ ਕੋਟੜਾ ਤੇ ਬਾਕੀ ਸਾਥੀਆਂ ਨੇ ਮਰਨ ਵਰਤ ਰੱਖਿਆ ਹੋਇਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੇਕਰ ਮਰਨ ਵਰਤ ਤੇ ਬੈਠੇ ਕਿਸੇ ਆਗੂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਲਾਂ ਚ ਬੰਦ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਦੀ ਰਿਹਾਈ ਅਤੇ ਗੈਰ ਕਾਨੂੰਨੀ ਪਾਈ ਜਾ ਰਹੀ ਸੀਵਰੇਜ ਪਾਈਪ ਲਾਈਨ ਦੇ ਵਿਰੋਧ ਵਿੱਚ ਰੋਜਾਨਾ ਵੱਖ ਵੱਖ ਜਿਲਿਆਂ ਤੋਂ ਕਿਸਾਨ ਆਗੂਆਂ ਵੱਲੋਂ ਪਿੰਡ ਘਸੋਖਾਨਾ ਵਿਖੇ ਪਹੁੰਚ ਕੇ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਕਿਸਾਨ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤੇ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੁਖਤਿਆਰ ਸਿੰਘ ਜਵੰਧਾ, ਗੁਰਨੈਬ ਸਿੰਘ, ਮਦਨ ਦਾਸ ਮਹਿਲਾ, ਦਰਸ਼ਨ ਸਿੰਘ ਮਹਿਲਾ, ਮਲਕੀਤ ਸਿੰਘ ਗੰਢੂਆਂ, ਦਰਸ਼ਨ ਸਿੰਘ ਛਾਜਲਾ, ਕਰਮ ਸਿੰਘ ਨਮੋਲ, ਦੇਵ ਸਿੰਘ ਖਡਿਆਲ, ਹਰਬੰਸ ਸਿੰਘ ਖਡਿਆਲ, ਦਲੇਲ ਸਿੰਘ ਚੱਠਾ, ਗੁਰਜੀਤ ਸਿੰਘ ਸ਼ੇਰੋਂ, ਜਰਨੈਲ ਸਿੰਘ ਸ਼ਾਹਪੁਰ ਕਲਾਂ, ਸਤਿਨਾਮ ਸਿੰਘ ਸਾਹਪੁਰ ਕਲਾਂ ਆਦਿ ਹਾਜ਼ਰ ਸਨ।

Have something to say? Post your comment