ਪਖਾਨਿਆਂ 'ਚ ਤੰਬਾਕੂ ਲੁਕਾਉਣ ਵਾਲਿਆਂ ਨੂੰ ਵਰਜਿਆ
ਸੁਨਾਮ : ਮਾਨਸਾ ਮੁੱਖ ਸੜਕ ਤੇ ਸਥਿਤ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਨਾਨਕਸਰ ਚੀਮਾਂ ਸਾਹਿਬ ਦੀ ਪਾਰਕਿੰਗ ਵਿੱਚ ਖੜ੍ਹੇ ਸ਼ੱਕੀ ਵਾਹਨ ਤੇ ਮੈਨੇਜਮੈਂਟ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਪਾਰਕਿੰਗ ਵਿੱਚੋਂ ਜਲਦੀ ਵਾਹਨ ਨਾ ਚੱਕੇ ਤਾਂ ਪੁਲਿਸ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਮੈਨੇਜਮੈਂਟ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਅਤੇ ਪਖ਼ਾਨਿਆਂ ਵਿੱਚ ਤੰਬਾਕੂ ਆਦਿ ਛੁਪਾਕੇ ਰੱਖੇ ਜਾਣ ਦਾ ਸਖਤ ਨੋਟਿਸ ਲਿਆ ਹੈ। ਗੁਰਦੁਆਰਾ ਤਪ ਅਸਥਾਨ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ ਅਤੇ ਮੈਨੇਜਰ ਭਾਈ ਜਰਨੈਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬਣੀ ਪਾਰਕਿੰਗ ਵਿੱਚ ਲੋਕ ਬਿਨਾਂ ਦੱਸੇ ਆਪਣੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਬਿਨਾ ਸੂਚਿਤ ਕੀਤੇ ਖੜਾ ਕਰ ਜਾਂਦੇ ਹਨ ਜੋ ਕਈ ਕਈ ਦਿਨ ਜਾ ਮਹੀਨੇ ਬੱਧੀ ਖੜੇ ਰਹਿੰਦੇ ਹਨ ਉਹਨਾਂ ਦੱਸਿਆ ਕਿ ਤਿੰਨ ਕਾਰਾਂ ਤੇ ਇਕ ਪਟਿਆਲਾ ਨੰਬਰੀ ਮੋਟਰਸਾਈਕਲ ਲੰਬੇ ਸਮੇਂ ਤੋਂ ਇਥੇ ਖੜਾ ਹੈ ਕੋਈ ਵਾਲੀ ਵਾਰਸ ਨਾ ਹੋਣ ਤੇ ਚੀਮਾਂ ਮੰਡੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਹੜੇ ਗੈਰ ਕਾਨੂੰਨੀ ਹਨ ਅੱਗੇ ਤੋਂ ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਥਾਣਾ ਚੀਮਾਂ ਦੇ ਮੁਖੀ ਮਨਜੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਮਾਮਲੇ ਸਬੰਧੀ ਅਜੇ ਤੱਕ ਉਨ੍ਹਾਂ ਨੂੰ ਕੋਈ ਇਤਲਾਹ ਨਹੀਂ ਮਿਲੀ ਅੱਜ ਉਹ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਥਾਣਾ ਤੋਂ ਬਾਹਰ ਡਿਊਟੀ ਤੇ ਹਨ ਥਾਣਾ ਚੀਮਾ ਮੰਡੀ ਦੇ ਮੁਨਸ਼ੀ ਮੈਡਮ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਵਾਹਨਾਂ ਦੇ ਨੰਬਰ ਟਰੇਸ ਕਰਕੇ ਪਤਾ ਕਰ ਰਹੇ ਹਨ ਉਹ ਇਸ ਦੀ ਬਾਰੀਕੀ ਨਾਲ ਜਾਂਚ ਕਰਨਗੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਹੋਰ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਬਣੇ ਪਖਾਨਿਆਂ ਵਿੱਚ ਕਈ ਲੋਕ ਤੰਬਾਕੂ ਬੀੜੀ ਸਿਗਰਟ ਦਾ ਸੇਵਨ ਕਰਦੇ ਹਨ ਅਤੇ ਪਾਣੀ ਦੀ ਟੈਂਕੀ ਪਿੱਛੇ ਛੁਪਾਕੇ ਚਲੇ ਜਾਂਦੇ ਹਨ ਜਿਹੜਾ ਅਤਿ ਨਿੰਦਣਯੋਗ ਵਰਤਾਰਾ ਹੈ ਤੇ ਮਰਿਆਦਾ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ ਉਸਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਇਤਲਾਹ ਦਿੱਤੀ ਜਾਵੇਗੀ। ਇਸ ਮੌਕੇ ਭਾਈ ਮੱਖਣ ਸਿੰਘ ਮੁੱਖ ਗ੍ਰੰਥੀ, ਭਾਈ ਜਗਤਾਰ ਸਿੰਘ ਉਪ ਗ੍ਰੰਥੀ, ਸੇਵਾਦਾਰ ਹਰਮੇਸ਼ ਸਿੰਘ ਮੇਸ਼ੀ, ਜਸਵੀਰ ਸਿੰਘ ਹਾਂਡਾ, ਕੇਵਲ ਸਿੰਘ ਨੰਦਾ, ਲਾਭ ਸਿੰਘ ਰਾਜਸਥਾਨੀ ਆਦਿ ਹਾਜ਼ਰ ਸਨ।