ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਤੇ ਡਾਕਾ ਮਾਰਨ ਵਰਗੇ ਲਿਆਂਦੇ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਮੰਗਲਵਾਰ ਨੂੰ ਸੁਨਾਮ ਵਿਖੇ ਸੁਨਾਮ ਦੀਆਂ ਟਰੇਡ ਯੂਨੀਅਨਾਂ ਨੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਮੀਰ ਘਰਾਣਿਆਂ ਦੇ ਪੱਖ ਵਿੱਚ ਕਾਨੂੰਨ ਲਾਗੂ ਕਰਕੇ ਕਿਰਤੀ ਕਾਮਿਆਂ ਨੂੰ ਰੋਟੀ ਤੋਂ ਮੁਥਾਜ ਕਰਨ ਦੇ ਰਾਹ ਤੁਰੀ ਹੋਈ ਹੈ। ਇਸ ਮੌਕੇ ਬੋਲਦਿਆਂ ਸੀਟੂ ਆਗੂ ਕਾਮਰੇਡ ਵਰਿੰਦਰ ਕੌਸ਼ਿਕ, ਸੀਟੀਯੂ ਪੰਜਾਬ ਦੇ ਪ੍ਰਧਾਨ ਦੇਵ ਰਾਜ ਵਰਮਾ, ਏਟਕ ਆਗੂ ਜਗਦੇਵ ਸਿੰਘ ਬਾਹੀਆ ਅਤੇ ਮਿੱਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਜਸਮੇਲ ਕੌਰ ਬੀਰਕਲਾਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ ਵੱਲੋਂ ਲੜਕੇ ਪ੍ਰਾਪਤ ਕੀਤੇ ਗਏ 29 ਕਿਰਤ ਕਾਨੂੰਨਾਂ ਨੂੰ ਲਾਗੂ ਕਰੇ ਅਤੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਨ ਨੂੰ ਯਕੀਨੀ ਬਣਾਵੇ। ਕਮਿਉਨਿਸਟ ਆਗੂਆਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਬਰਾਬਰ ਕੰਮ ਬਰਾਬਰ ਤਨਖਾਹ ਗੈਰ ਸੰਗਠਿਤ ਮਜ਼ਦੂਰਾਂ, ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਰਦੇ ਕਾਮਿਆਂ ਨੂੰ 26000 ਰੁਪਏ ਤੋਂ 36000 ਰੁਪਏ ਤੱਕ ਪ੍ਰਤੀ ਮਹੀਨਾ ਦੇਣਾ ਯਕੀਨੀ ਬਣਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਬਿਜਲੀ (ਸੋਧ) 2022 ਰੱਦ ਕਰਨ ਨੂੰ ਯਕੀਨੀ ਬਣਾਵੇ। ਇਸ ਮੌਕੇ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਆਗੂ ਰਾਮ ਸਰੂਪ ਢੈਪਈ, ਜਨਰਲ ਸਕੱਤਰ ਬਲਵਿੰਦਰ ਸਿੰਘ ਜ਼ਿਲ੍ਹੇਦਾਰ, ਸਰਪ੍ਰਸਤ ਜੀਤ ਸਿੰਘ ਬੰਗਾ, ਪਵਨ ਕੁਮਾਰ ਸ਼ਰਮਾ, ਸ਼ਹੀਦ ਊਧਮ ਟੈਕਸੀ ਯੂਨੀਅਨ ਦੇ ਪ੍ਰਧਾਨ ਮਿੱਠੂ ਸਿੰਘ, ਹਰਨੇਕ ਸਿੰਘ, ਰੰਗ ਸਾਜ਼ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ, ਰਾਮ ਸਿੰਘ, ਪ੍ਰਧਾਨ ਦਵਿੰਦਰ ਸਿੰਘ, ਧਰਮ ਸਿੰਘ, ਹਰਭਗਵਾਨ ਸ਼ਰਮਾ, ਹਰਨੇਕ ਸਿੰਘ ਨੱਢੇ, ਸੁਰਿੰਦਰ ਸਿੰਘ ਥੇਹ, ਬ੍ਰਿਜ ਲਾਲ ਧੀਮਾਨ, ਨਿਰਮਲ ਕੌਰ ਸੁਨਾਮ, ਮਲਕੀਤ ਕੌਰ ਚੀਮਾਂ, ਜਸਵਿੰਦਰ ਕੌਰ ਜਖੇਪਲ, ਪਰਮਜੀਤ ਕੌਰ ਧੂਰੀ ਆਦਿ ਹਾਜ਼ਰ ਸਨ।