ਆਰ.ਟੀ.ਏ. ਤੇ ਆਰ.ਟੀ.ਓ. ਵੱਲੋਂ ਸਕੂਲ ਬੱਸਾਂ ਤੇ ਹੋਰ ਗੱਡੀਆਂ ਦੀ ਚੈਕਿੰਗ ਮੌਕੇ ਸਖ਼ਤ ਕਾਰਵਾਈ
ਕਿਹਾ, 'ਕਿਸੇ ਵੀ ਵਾਹਨ ਨੂੰ ਸੜਕ ਸੁਰੱਖਿਆ ਤੇ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ'
ਪਟਿਆਲਾ : ਪਟਿਆਲਾ ਵਿਖੇ ਨਵੇਂ ਤਾਇਨਾਤ ਆਰ.ਟੀ.ਏ. ਨਮਨ ਮਾਰਕੰਨ ਤੇ ਆਰ.ਟੀ.ਓ ਬਬਨਦੀਪ ਸਿੰਘ ਵਾਲੀਆ ਨੇ ਆਪਣੇ ਅਹੁਦੇ ਸੰਭਾਲਦਿਆਂ ਹੀ ਸਕੂਲ ਸੇਫ਼ ਵਾਹਨ ਨੀਤੀ ਤਹਿਤ ਸਕੂਲੀ ਵਾਹਨਾਂ ਤੋਂ ਇਲਾਵ ਓਵਰ ਲੋਡਿਡ ਗੱਡੀਆਂ, ਟਰੱਕ, ਟ੍ਰੈਕਟਰ ਟਰਾਲੀਆਂ ਤੇ ਟੂਰਿਸਟ ਬੱਸਾਂ ਦੀ ਚੈਕਿੰਗ ਕੀਤੀ।
ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਨਮਨ ਮਾਰਕੰਨ ਨੇ ਦੱਸਿਆ ਕਿ ਉਨ੍ਹਾਂ ਨੇ 8 ਸਕੂਲੀ ਬੱਸਾਂ ਦੀ ਸਕੂਲ ਸੇਫ਼ ਵਾਹਨ ਨੀਤੀ ਤਹਿਤ ਚੈਕਿੰਗ ਕੀਤੀ ਹੈ ਅਤੇ ਉਲੰਘਣਾ ਕਰਨ 'ਤੇ 2 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਸਕੂਲ ਸੇਫ਼ ਵਾਹਨ ਨੀਤੀ ਤੇ ਆਵਾਜਾਈ ਨੇਮਾਂ ਦੀ ਉਲੰਘਣਾਂ ਨਹੀਂ ਕਰਨ ਦਿੱਤੀ ਜਾਵੇਗੀ।
ਜਦਕਿ ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੈਕਿੰਗ ਦੌਰਾਨ ਅਣਫਿਟ 8 ਵਾਹਨਾਂ ਨੂੰ ਸਕੂਲੀ ਬੱਚੇ ਲਿਜਾਂਦੇ ਸਮੇਂ ਸਕੂਲ ਸੇਫ਼ ਵਾਹਨ ਨੀਤੀ ਤਹਿਤ ਸੜਕ 'ਤੇ ਚੱਲਣ ਲਈ ਫਿਟ ਨਾ ਹੋਣ ਕਰਕੇ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਓਵਰਲੋਡਿਡ ਟਰੱਕਾਂ ਤੇ ਕਮਰਸ਼ੀਅਲ ਵਰਤੋਂ ਵਾਲੇ ਟ੍ਰੈਕਟਰ ਟਰਾਲੀਆਂ ਦੇ 18 ਚਲਾਨ ਵੱਖਰੇ ਤੌਰ 'ਤੇ ਕੀਤੇ ਗਏ ਹਨ।
ਨਮਨ ਮਾਰਕੰਨ ਤੇ ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਵੱਲੋਂ ਜਿੱਥੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਕੂਲੀ ਬੱਚਿਆਂ ਦੀ ਆਵਾਜਾਈ ਸੁਰੱਖਿਅਤ ਹੋਵੇ, ਉਥੇ ਹੀ ਸੜਕ ਸੁਰੱਖਿਆ ਵੀ ਯਕੀਨੀ ਬਣਾਉਣ ਲਈ ਆਵਾਜਾਈ ਨੇਮਾਂ ਦੀ ਪਾਲਣਾ ਕਰਵਾਉਣ ਬਾਬਤ ਚੈਕਿੰਗ ਜੋਰਾਂ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਸੜਕ ਸੁਰੱਖਿਆ ਨੇਮਾਂ ਤੇ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
ਨਮਨ ਮਾਰਕੰਨ ਨੇ ਕਿਹਾ ਕਿ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਨੇਮਾਂ ਦੀ ਪਾਲਣਾਂ ਨਾ ਕਰਨ 'ਤੇ ਵੱਡੇ ਹਾਦਸੇ ਵਾਪਰਦੇ ਹਨ ਤੇ ਕਿਸੇ ਦੀ ਕੀਮਤੀ ਜਾਨ ਅਜਾਂਈ ਚਲੀ ਜਾਂਦੀ ਹੈ।
ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਓਵਰਲੋਡ ਵਾਹਨ, ਨਿਰਧਾਰਤ ਉਚਾਈ ਤੋਂ ਉਚਾ ਮਾਲ ਭਰਨ ਵਾਲੇ, ਟ੍ਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਸਮੇਤ ਬਿਨ੍ਹਾਂ ਦਸਤਾਵੇਜਾਂ ਦੇ ਪਾਏ ਜਾਣ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।