ਨੇਤਾ ਵਿਰੋਧੀ ਧਿਰ ਦੀ ਫੇਰੀ ਨੇ ਸਿਆਸੀ ਗਲਿਆਰਿਆਂ 'ਚ ਛੇੜੀ ਚਰਚਾ
ਸੁਨਾਮ ਵਿਖੇ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਸਵਾਗਤ ਕਰਦੇ ਹੋਏ
ਸੁਨਾਮ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੁਨਾਮ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦੇ ਘਰ ਪੁੱਜੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਾਅਦ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੀ ਰਾਜਾ ਬੀਰਕਲਾਂ ਦੀ ਅਚਨਚੇਤ ਫੇਰੀ ਨੇ ਸਿਆਸੀ ਗਲਿਆਰਿਆਂ ਵਿੱਚ ਸੁਨਾਮ ਵਿਧਾਨ ਸਭਾ ਹਲਕੇ ਅੰਦਰ ਭਵਿੱਖ ਦੀ ਰਾਜਨੀਤੀ ਨੂੰ ਲੈਕੇ ਚਰਚਾ ਛੇੜ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਰੋਸੇ ਜਾ ਰਹੇ ਝੂਠ ਦੀ ਅਸਲ ਸਚਾਈ ਜਨਤਾ ਵਿੱਚ ਉਜਾਗਰ ਕਰਨ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਵਿੱਚ ਭੁਲੇਖਾ ਨਾ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਹਰ ਆਗੂ ਅਤੇ ਵਰਕਰ ਨੂੰ ਸੰਜੀਦਗੀ ਨਾਲ ਲਿਆ ਜਾਣਾ ਚਾਹੀਦਾ ਹੈ। ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਮਾਤ ਦੇਕੇ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਯਤਨਸ਼ੀਲ ਹੈ। ਦੱਸ ਦੇਈਏ ਕਿ ਸੁਨਾਮ ਵਿਧਾਨ ਸਭਾ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਰਾਜਨੀਤਕ ਪੱਖ ਤੋਂ ਡਾਵਾਂਡੋਲ ਦਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਅਮਨ ਅਰੋੜਾ ਅਤੇ ਦਾਮਨ ਬਾਜਵਾ ਸੁਨਾਮ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣਾਂ ਲੜ ਚੁੱਕੇ ਹਨ। ਦਾਮਨ ਬਾਜਵਾ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਵਿੱਚ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕੁਲਦੀਪ ਸਿੰਘ ਢਿਲੋਂ ਐੱਮ ਐੱਲ ਏ ਬਰਨਾਲਾ, ਮਦਨ ਲਾਲ ਜਲਾਲਪੁਰ ਸਾਬਕਾ ਐੱਮ ਐੱਲ ਏ ਘਨੋਰ, ਸੁਰਿੰਦਰ ਪਾਲ ਸਿਬੀਆ ਸਾਬਕਾ ਐੱਮ ਐੱਲ ਏ, ਹਰਿੰਦਰ ਪਾਲ ਸਿੰਘ ਹੈਰੀ ਮਾਨ ਹਲਕਾ ਇੰਚਾਰਜ ਸਨੌਰ, ਪਰਮਜੀਤ ਸਿੰਘ ਘਵੱਦੀ, ਹਰੀ ਸਿੰਘ ਖਾਈ, ਕਮਲ ਧਾਲੀਵਾਲ, ਫੋਜਾ ਸਿੰਘ ਬਰਨਾਲਾ, ਸਾਬਕਾ ਸਰਪੰਚ ਜਗਦੇਵ ਸਿੰਘ ਦੌਲੇਵਾਲਾ, ਇੰਸਪੈਕਟਰ ਬਲਕਾਰ ਸਿੰਘ ਚੌਹਾਨ, ਸਾਬਕਾ ਸਰਪੰਚ ਬਲਜਿੰਦਰ ਕੌਰ ਚਹਿਲ, ਐਡਵੋਕੇਟ ਅਜੇਵੀਰ ਸਿੰਘ ਚਹਿਲ, ਬਲਵਿੰਦਰ ਸਿੰਘ ਧਾਲੀਵਾਲ, ਦਲਬੀਰ ਸਿੰਘ ਨਿੱਕੂ ਸਮੇਤ ਹੋਰ ਮੈਂਬਰ ਹਾਜ਼ਰ ਸਨ।