ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਅੱਜ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਸਮੇਤ ਪਹਿਲਗਾਮ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸਰਧਾਂਜਲੀ ਭੇਟ ਕੀਤੀ। 16ਵੀਂ ਪੰਜਾਬ ਵਿਧਾਨ ਸਭਾ ਦੇ 9ਵੇਂ (ਵਿਸ਼ੇਸ਼) ਸੈਸ਼ਨ ਦੌਰਾਨ, ਸਦਨ ਨੇ ਸਾਬਕਾ ਲੋਕ ਸਭਾ ਮੈਂਬਰ ਮਾਸਟਰ ਭਗਤ ਰਾਮ, ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਅਤੇ ਪਹਿਲਗਾਮ (ਜੰਮੂ ਅਤੇ ਕਸ਼ਮੀਰ) ਵਿਖੇ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਨੇ ਇਸ ਕਾਇਰਾਨਾ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਜਿਸ ਵਿੱਚ ਬੇਕਸੂਰ ਸੈਲਾਨੀਆਂ ਨੇ ਆਪਣੀ ਜਾਨ ਗਵਾਈ।ਸਮੁੱਚੇ ਸਦਨ ਨੇ ਸ਼ਰਧਾਂਜਲੀ ਦਿੰਦਿਆਂ ਸਤਿਕਾਰ ਵਜੋਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ।