ਸੁਨਾਮ : ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਵਿਸ਼ਵਕਰਮਾ ਭਵਨ ਵਿਖੇ ਮਨਾਇਆ ਗਿਆ। ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੋਲਦਿਆਂ ਨੌਜਵਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ਫਤਹਿ ਕਰਨ ਸਮੇਂ ਵੱਡਾ ਸੰਘਰਸ਼ਮਈ ਇਤਿਹਾਸ ਸਿਰਜਿਆ ਸੀ ਅਜਿਹੇ ਮਹਾਨ ਯੋਧੇ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਉਹ ਜਿੱਥੇ ਬਹਾਦਰੀ ਦੀ ਮਿਸਾਲ ਸਨ ਉਥੇ ਸੰਘਰਸ਼ ਨੂੰ ਵਿਉਂਤਬੰਦ ਕਰਨ ਦੇ ਵੀ ਮਾਹਿਰ ਸਨ। ਉਨ੍ਹਾਂ ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕੀਤੀ ਅਤੇ ਸਿੱਖ ਸਮਾਜ ਨੂੰ ਸੰਗਠਿਤ ਕਰਨ ਅਤੇ ਮੁਗਲ ਸ਼ਾਸਨ ਨਾਲ ਲੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ 1783 ਵਿੱਚ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਜੋ ਕਿ ਸਿੱਖਾਂ ਲਈ ਇੱਕ ਵੱਡੀ ਪ੍ਰਾਪਤੀ ਸੀ। ਨੌਜਵਾਨ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ ਨੇ ਕਿਹਾ ਕਿ ਉਸਨੇ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਪਣਾ ਪ੍ਰਭਾਵ ਸਥਾਪਿਤ ਕੀਤਾ ਅਤੇ ਸਿੱਖਾਂ ਲਈ ਇੱਕ ਸੁਰੱਖਿਅਤ ਖੇਤਰ ਬਣਾਇਆ। ਉਨ੍ਹਾਂ ਆਖਿਆ ਕਿ ਅਜਿਹੇ ਮਹਾਨ ਯੋਧਿਆਂ ਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ। ਇਸ ਮੌਕੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਕਾਂਗਰਸੀ ਆਗੂ ਜਸਵਿੰਦਰ ਸਿੰਘ ਧੀਮਾਨ, ਸਾਬਕਾ ਨਗਰ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਬਰਮਾ ਨੰਦ ਬਿੱਟੀ ਪਨੇਸਰ, ਅਜੈਬ ਸਿੰਘ ਸੱਗੂ, ਹਰਵਿੰਦਰ ਸਿੰਘ ਦਿਉਸੀ, ਜਥੇਦਾਰ ਮੁਖਤਿਆਰ ਸਿੰਘ, ਗੁਰਸਿਮਰਤ ਸਿੰਘ ਜਖੇਪਲ, ਬੇਅੰਤ ਸਿੰਘ ਰੂਪਰਾਏ ਆਦਿ ਹਾਜ਼ਰ ਸਨ।