ਸੁਨਾਮ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਸੁਨਾਮ-1 ਦੇ ਮੀਤ ਪ੍ਰਧਾਨ ਲੈਕਚਰਾਰ ਗੁਰਮੇਲ ਸਿੰਘ ਬਖ਼ਸੀਵਾਲਾ ਦੀ ਸੇਵਾ ਮੁਕਤੀ ਮੌਕੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਗਿਆ। ਮਹਾਨ ਦੇਸ਼ ਭਗਤ ਗ਼ਦਰੀ ਗੁਲਾਬ ਕੌਰ ਦੇ ਪਿੰਡ ਦੇ ਜੰਮਪਲ ਗੁਰਮੇਲ ਬਖਸ਼ੀਵਾਲਾ ਨੇ ਸਿੱਖਿਆ ਵਿਭਾਗ ਵਿਚ ਜਿੱਥੇ ਆਪਣੀ ਸੇਵਾ ਤਨਦੇਹੀ ਮਿਹਨਤ ਤੇ ਇਮਾਨਦਾਰੀ ਨਾਲ਼ ਨਿਭਾਈ ਉੱਥੇ ਹੀ ਸਮਾਜ ਦੀਆਂ ਤਰਕਸ਼ੀਲ ਤੇ ਇਨਸਾਫ ਪਸੰਦ ਸੰਸਥਾਵਾਂ ਨਾਲ਼ ਜੁੜਕੇ ਆਗੂ ਦੀ ਭੂਮਿਕਾ ਨਿਭਾਈ ਹੈ ਇਸ ਲਈ ਅੱਜ ਉਹਨਾਂ ਦੇ ਇਸ ਵਿਦਾਇਗੀ ਸਮਾਰੋਹ ਵਿਚ ਬਲਵੀਰ ਲੌਂਗੋਵਾਲ ਸਾਬਕਾ ਸੂਬਾ ਸਕੱਤਰ ਡੀ.ਟੀ.ਐੱਫ. ਪੰਜਾਬ ਜੁਝਾਰ ਲੌਂਗੋਵਾਲ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ, ਕਾਮਰੇਡ ਹਰਦੇਵ ਸਿੰਘ ਸਕੱਤਰ ਕਿਸਾਨ ਸਭਾ ਪੰਜਾਬ, ਬਲਜਿੰਦਰ ਸਿੰਘ ਫਾਜਿਲਕਾ ਸਾਬਕਾ ਸੂਬਾ ਜਨਰਲ ਸਕੱਤਰ ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਪੰਜਾਬ (ਵਿਸ਼ੇਸ਼ ਤੌਰ ਤੇ ਪਹੁੰਚੇ), ਪੂਰਨ ਸਿੰਘ ਖਾਈ, ਜਗਦੀਸ਼ ਪਾਪੜਾ ਲੋਕ ਚੇਤਨਾ ਮੰਚ ਲਹਿਰਾਗਾਗਾ, ਨਾਇਬ ਸਿੰਘ ਰਟੋਲ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ, ਹਾਕਮ ਸਿੰਘ ਸਾਬਕਾ ਸੂਬਾ ਪ੍ਰਧਾਨ ਲੈਕਚਰਾਰ ਯੂਨੀਅਨ, ਡਾਕਟਰ ਇਕਬਾਲ ਸਿੰਘ, ਸੁਖਵਿੰਦਰ ਸਿੰਘ ਨੇ ਗੁਰਮੇਲ ਬਖਸੀਵਾਲਾ ਦੀ ਅਗਾਂਹਵਧੂ ਸੋਚ ਤੇ ਉਹਨਾਂ ਦੇ ਉਸਾਰੂ ਕੰਮਾਂ ਦਾ ਜਿਕਰ ਕਰਦਿਆਂ ਅੱਜ ਦੇ ਸਮੇਂ ਵਿੱਚ ਸਿਖਿਆ ਵਿਭਾਗ ਦੀਆਂ ਚੁਣੌਤੀਆਂ ਤੇ ਸਰਕਾਰਾਂ ਵੱਲੋਂ ਸਿੱਖਿਆ ਦੇ ਕੀਤੇ ਜਾ ਰਹੇ ਨਿੱਜੀਕਰਨ, ਭਗਵੇਂਕਰਨ ਦੇ ਮਾੜੇ ਨਤੀਜਿਆਂ ਤੋਂ ਵੀ ਜਾਣੂੰ ਕਰਵਾਇਆ। ਇਸ ਸਮੇਂ ਮਾਣ ਪੱਤਰ ਡੀ.ਟੀ.ਐੱਫ. ਸੰਗਰੂਰ ਦੇ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਪੜ੍ਹਿਆ। ਇਸ ਸਮੇਂ ਡੀ.ਟੀ.ਐੱਫ. ਸੰਗਰੂਰ ਦੀ ਸਮੁੱਚੀ ਜਿਲ੍ਹਾ ਕਮੇਟੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਲੌਂਗੋਵਾਲ ਦੀ ਸਮੁੱਚੀ ਟੀਮ, ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਤਰਸੇਮ ਬਾਵਾ, ਵਿਸ਼ਵ ਕਾਂਤ, ਪਵਨ ਕੁਮਾਰ ਦੀ ਸਮੁੱਚੀ ਟੀਮ, ਅਧਿਆਪਕ ਦਲ ਪੰਜਾਬ ਵੱਲੋਂ ਗੁਰਸਿਮਰਤ ਸਿੰਘ ਜਖੇਪਲ ਤੇ ਉਨ੍ਹਾਂ ਦੇ ਸਾਥੀ, ਲੋਕ ਚੇਤਨਾ ਮੰਚ ਲਹਿਰਾ ਗਾਗਾ ਨੇ ਆਪੋ-ਆਪਣੀਆਂ ਸੰਸਥਾਵਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਬਖਸੀਵਾਲਾ ਨੂੰ ਸਨਮਾਨਿਤ ਕੀਤਾ।ਇਸ ਸਮੇਂ ਗੁਰਮੇਲ ਬਖਸੀਵਾਲਾ ਨੇ ਆਪਣੇ ਪ੍ਰੇਰਣਾ ਸਰੋਤ ਅਧਿਆਪਕ ਬਿਰਜ ਲਾਲ ਨੂੰ ਬਖਸੀਵਾਲਾ ਦੇ ਸਾਰੇ ਪਰਿਵਾਰ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਇਲਾਕੇ ਦੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾ ਨੇ ਵੱਡੀ ਗਿਣਤੀ ਵਿੱਚ ਸਨਮਾਨ ਚਿੰਨ੍ਹ ਦੇ ਕੇ ਗੁਰਮੇਲ ਬਖਸੀਵਾਲਾ ਦੇ ਸਮਾਜ ਪ੍ਰਤੀ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਹੋਰਨਾਂ ਨੂੰ ਪ੍ਰੇਰਿਤ ਕੀਤਾ। ਅੰਤ ਵਿੱਚ ਡੀ.ਟੀ.ਐੱਫ. ਸੰਗਰੂਰ ਦੇ ਜਿਲ੍ਹਾ ਪ੍ਰਧਾਨ ਦਾਤਾ ਨਮੋਲ ਨੇ ਜਥੇਬੰਦੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਆਗੂਆਂ, ਰਿਸ਼ਤੇਦਾਰਾ, ਸਨੇਹੀ ਮਿੱਤਰਾਂ ਦਾ ਧੰਨਵਾਦ ਕੀਤਾ। ਵਿਦਾਇਗੀ ਸਮਾਗਮ ਵਿੱਚ ਗੁਰਮੇਲ ਬਖਸੀਵਾਲਾ ਦੇ ਨਜ਼ਦੀਕੀ ਰਿਸ਼ਤੇਦਾਰ ਸੁਖਵੀਰ ਸਿੰਘ ਮਾਈਸਰਖਾਨਾ ਐਮ.ਐਲ.ਏ. ਹਲਕਾ ਮੌੜ ਨੇ ਵੀ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਕਾਰਵਾਈ ਰਾਮਸਰੂਪ ਢੈਪਈ ਵੱਲੋਂ ਬਾਖੂਬੀ ਨਿਭਾਈ ਗਈ।