ਸੁਨਾਮ : ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਜਬਰੀ ਧਰਨੇ ਚੁਕਵਾਉਣ ਸਮੇਂ ਚੋਰੀ ਹੋਈਆਂ ਟਰਾਲੀਆਂ ਅਤੇ ਹੋਰ ਸਮਾਨ ਦੀ ਪੂਰਤੀ ਲਈ ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 6 ਮਈ ਨੂੰ ਸ਼ੰਭੂ ਥਾਣੇ ਅੱਗੇ ਧਰਨਾ ਦੇਣ ਤੋਂ ਪਹਿਲਾਂ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਬੀਕੇਯੂ ਆਜ਼ਾਦ ਦੇ ਆਗੂ ਜਸਵੀਰ ਸਿੰਘ ਮੈਦੇਵਾਸ, ਕੁਲਵਿੰਦਰ ਸਿੰਘ ਸੋਨੀ, ਹੈਪੀ ਨਮੋਲ, ਬਲਜਿੰਦਰ ਸਿੰਘ ਲੌਂਗੋਵਾਲ, ਸੰਤ ਰਾਮ ਛਾਜਲੀ, ਬਲਵਿੰਦਰ ਸਿੰਘ ਦਿੜ੍ਹਬਾ, ਗੁਰਦੀਪ ਸਿੰਘ ਲਾਡਬੰਨਜਾਰਾ, ਮੱਖਣ ਪਾਪੜਾ ਅਤੇ ਸੁਖਚੈਨ ਸਿੰਘ ਸ਼ਾਦੀ ਹਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹੱਕ ਮੰਗਦੇ ਲੋਕਾਂ ਨੂੰ ਹਿਰਾਸਤ ਵਿੱਚ ਲੈਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਆਖਿਆ ਕਿ ਸੱਥਾਂ ਚੋਂ ਸਰਕਾਰ ਚਲਾਉਣ ਦੇ ਦਾਅਵੇ ਕਰਨ ਵਾਲਿਆਂ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਿਆ ਹੈ ਜਨਤਾ ਇਸ ਦਾ ਜਵਾਬ ਸਮਾਂ ਆਉਣ ਤੇ ਦੇਵੇਗੀ।