ਖੇਤੀ ਸੂਬੇ ਪੰਜਾਬ ਲਈ ਪਾਣੀ ਤੋਂ ਵੱਧ ਕੁੱਝ ਵੀ ਮਹੱਤਵਪੂਰਨ ਨਹੀਂ
ਸੁਨਾਮ : ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਕਰਨ ਵਿੱਚ ਅਸਫਲ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਉਦੋਂ 'ਆਪ' ਸਰਕਾਰ ਆਪਣੀ ਰਾਜਨੀਤਿਕ ਚਾਲ ਕਾਰਨ ਚੁੱਪ ਰਹੀ ਅਤੇ ਹੁਣ ਸਿੱਖਿਆ ਕ੍ਰਾਂਤੀ ਦੀ ਹਵਾ ਅਤੇ ਕਿਸਾਨਾਂ ਵਿੱਚ ਉੱਠ ਰਹੇ ਗੁੱਸੇ ਨੂੰ ਸ਼ਾਂਤ ਕਰਨ ਲਈ 'ਆਪ' ਨੇ ਇਹ ਡਰਾਮਾ ਰਚਿਆ ਹੈ। ਇਸ ਮਾਮਲੇ ਵਿੱਚ 'ਆਪ' ਸਰਕਾਰ ਹਰ ਮੋਰਚੇ 'ਤੇ ਅਸਫਲ ਹੋ ਰਹੀ ਹੈ। ਬੀ ਬੀ ਐਮ ਬੀ 'ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ 'ਆਪ' ਸਰਕਾਰ ਜ਼ਿੰਮੇਵਾਰ ਹੈ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਆਖਿਆ ਕਿ ਪਾਣੀਆਂ ਦੀ ਰਾਖੀ ਲਈ ਸੂਬੇ ਦੀ ਸਰਕਾਰ ਨੇ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਅਤੇ ਸਰਕਾਰ ਅਦਾਲਤ ਵਿੱਚ ਆਪਣਾ ਮਜ਼ਬੂਤ ਪੱਖ ਪੇਸ਼ ਕਰਨ ਵਿੱਚ ਅਸਫਲ ਰਹੀ ਹੈ ਜਦਕਿ ਭਗਵੰਤ ਮਾਨ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਸਖ਼ਤ ਸਟੈਂਡ ਲੈਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈ ਕਮਾਂਡ ਦੀਆਂ ਭਾਵਨਾਵਾਂ ਦੇ ਵਿਰੁੱਧ ਜਾਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਸੀ ਜਦਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕਿਸੇ ਵੀ ਵਿਧਾਨ ਸਭਾ ਸੈਸ਼ਨ ਵਿੱਚ ਦਰਿਆਈ ਪਾਣੀਆਂ ਦੀ ਗੱਲ ਹੀ ਨਹੀਂ ਕੀਤੀ। ਹੁਣ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭੜਕਾਉਣ ਲਈ ਡੈਮ ਤੇ ਜਾਕੇ ਫਲੱਡ ਗੇਟ ਤੇ ਜਿੰਦਰਾ ਲਾਕੇ ਪੁਲਿਸ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਰਾਖੀ ਬਿਠਾ ਦਿੱਤਾ ਹੈ। ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ ਅਤੇ ਪਾਣੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਪਰ ਅੱਜ ਦੀ ਸਥਿਤੀ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਰਿਸ਼ੀ ਪਾਲ ਖੇਰਾ, ਰਾਜੀਵ ਕੁਮਾਰ ਮੱਖਣ, ਤਰਸੇਮ ਸਿੰਘ ਕੁਲਾਰ, ਸ਼ੰਕਰ ਬਾਂਸਲ, ਅਸ਼ੋਕ ਗੋਇਲ, ਮਾਲਵਿੰਦਰ ਸਿੰਘ ਗੋਲਡੀ, ਸਤਵੀਰ ਸਿੰਘ ਬਿਗੜਵਾਲ, ਜਗਸੀਰ ਦਾਸ, ਨਰਿੰਦਰ ਸਿੰਘ ਸ਼ੇਰੋਂ, ਦਰਸ਼ਨ ਸਿੰਘ ਨਮੋਲ, ਸ਼ੇਰਵਿੰਦਰ ਸਿੰਘ ਡਸਕਾ ਆਦਿ ਹਾਜ਼ਰ ਸਨ।