ਸੁਨਾਮ : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤ ਸਭਾ ਸੁਨਾਮ ਦੀ ਸਾਹਿਤਕ ਇਕੱਤਰਤਾ ਜਸਵੰਤ ਸਿੰਘ ਅਸਮਾਨੀ, ਹਰਦੀਪ ਸਿੰਘ ਕੜੈਲ, ਅਤੇ ਭਵਦੀਪ ਸਿੰਘ ਜਾਖਲ ਦੀ ਪ੍ਰਧਾਨਗੀ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ" ਦੇ ਆਪਣੇ ਅਕੀਦੇ ਤੇ ਚਲਦਿਆਂ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦੀ ਸਲਾਮਤੀ ਲਈ ਆਪਣੀ ਸ਼ਹਾਦਤ ਦੇ ਕੇ ਦੁਨੀਆਂ ਦੇ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ। ਅੱਜ ਦੀ ਸਭਾ ਵਿੱਚ ਗੁਰਿੰਦਰਜੀਤ ਸਿੰਘ ਧਾਲੀਵਾਲ ਜ਼ਿਲਾ ਭਲਾਈ ਅਫ਼ਸਰ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪਿਛਲੇ ਦਿਨੀਂ ਧਾਲੀਵਾਲ ਪਰਿਵਾਰ ਵੱਲੋਂ ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਸਵਰਗੀ ਸ. ਹਰਦੇਵ ਸਿੰਘ ਧਾਲੀਵਾਲ (ਸੇਵਾ ਮੁਕਤ ਐਸ.ਐਸ. ਪੀ.) ਯਾਦਗਾਰੀ ਦੂਸਰੇ ਪੁਲਿਸ ਸਾਹਿਤਕਾਰ ਐਵਾਰਡ 2025 ਨਾਲ ਸਨਮਾਨਿਤ ਕੀਤੇ ਗਏ ਪੁਲਿਸ ਵਿਭਾਗ ਦੇ ਵਿਦਵਾਨ ਲੇਖਕ ਗੁਰਪ੍ਰੀਤ ਸਿੰਘ ਤੂਰ (ਸੇਵਾ ਮੁਕਤ ਡੀ. ਆਈ. ਜੀ.) ਨੇ ਆਪਣੀ ਸਨਮਾਨਿਤ ਰਾਸ਼ੀ ਆਪਣੀਆਂ ਲਿਖੀਆਂ ਕਿਤਾਬਾਂ ਪਾਠਕਾਂ ਅਤੇ ਲਾਇਬਰੇਰੀਆਂ ਨੂੰ ਦੇਣ ਲਈ ਭੇਟ ਕਰ ਦਿੱਤੀ ਸੀ। ਧਾਲੀਵਾਲ ਪਰਿਵਾਰ ਨੇ ਉਨ੍ਹਾਂ ਦੀ ਲਿਖੀ "ਪੰਜਾਬੀਆਂ ਦੇ ਅਥਾਹ ਤੇ ਫ਼ਜ਼ੂਲ ਖ਼ਰਚੇ"ਪੁਸਤਕ ਦੀਆਂ 50 ਕਾਪੀਆਂ ਪਾਠਕਾਂ ਅਤੇ ਲਾਇਬਰੇਰੀਆਂ ਨੂੰ ਦੇਣ ਲਈ ਸਾਹਿਤ ਸਭਾ ਨੂੰ ਸੌਂਪੀਆਂ। ਸਾਹਿਤ ਸਭਾ ਵੱਲੋਂ ਇਹ ਕਿਤਾਬਾਂ ਹਾਜ਼ਰ ਮੈਂਬਰਾਂ ਅਤੇ ਪਿੰਡ ਬਖਸ਼ੀਵਾਲਾ, ਜਖੇਪਲ, ਉਗਰਾਹਾਂ, ਚੱਠੇ ਸ਼ੇਖਵਾਂ, ਬਾਬਾ ਫ਼ਰੀਦ ਮੈਮੋਰੀਅਲ ਸੋਸਾਇਟੀ ਲੌਂਗੋਵਾਲ, ਸ਼ੇਰੋਂ, ਮਾਡਲ ਟਾਊਨ ਸ਼ੇਰੋਂ ਨੰਬਰ- 1, ਜਾਖਲ ਕੜੈਲ, ਐਸ. ਯੂ. ਐਸ. ਹੈਲਪਿੰਗ ਹੈਂਡ ਫਾਊਂਡੇਸ਼ਨ ਆਫ਼ ਕੈਨੇਡਾ ਦੀਆਂ ਲਾਇਬਰੇਰੀਆਂ ਲਈ ਭੇਜ ਦਿੱਤੀਆਂ ਹਨ। ਬਾਕੀ ਕਿਤਾਬਾਂ ਵੀ ਧਾਲੀਵਾਲ ਪਰਿਵਾਰ ਵੱਲੋਂ ਲਾਇਬਰੇਰੀਆਂ ਨੂੰ ਜਲਦੀ ਦੇ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਧਾਲੀਵਾਲ ਪਰਿਵਾਰ ਵੱਲੋਂ ਸਾਹਿਤ ਸਭਾ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ ਸਾਂਝੀ ਕਿਤਾਬ ਛਪਵਾਉਣ ਲਈ ਆਰਥਿਕ ਸਹਯੋਗ ਰਾਸ਼ੀ ਵੀ ਦਿੱਤੀ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਅਤੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਵੱਲੋਂ ਇਸ ਨਿਵੇਕਲੇ ਸਾਹਿਤਕ ਕਾਰਜ ਲਈ ਧਾਲੀਵਾਲ ਪਰਿਵਾਰ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਗੁਰਜੰਟ ਸਿੰਘ ਉਗਰਾਹਾਂ,ਅਵਤਾਰ ਸਿੰਘ ਉਗਰਾਹਾਂ, ਬਲਵਿੰਦਰ ਸਿੰਘ ਜ਼ਿਲ੍ਹੇਦਾਰ, ਹਰਮੇਲ ਸਿੰਘ, ਗੁਰਦਿਆਲ ਸਿੰਘ ਐਸ.ਓ., ਬੇਅੰਤ ਸਿੰਘ, ਦਰਸ਼ਨ ਥਿੰਦ, ਹਰਦੀਪ ਸਿੰਘ ਕੜੈਲ, ਭਵਦੀਪ ਸਿੰਘ ਜਾਖਲ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਜਸਵੰਤ ਸਿੰਘ ਅਸਮਾਨੀ, ਭੋਲਾ ਸਿੰਘ ਸੰਗਰਾਮੀ, ਅਤੇ ਜੰਗੀਰ ਸਿੰਘ ਰਤਨ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ।