ਸੁਨਾਮ : ਲੁਧਿਆਣਾ ਜਾਖਲ ਹਿਸਾਰ ਰੇਲਵੇ ਲਾਈਨ ਤੇ ਚੱਲਣ ਵਾਲੀਆਂ ਜਿਆਦਾਤਰ ਪੈਸੰਜਰ ਗੱਡੀਆਂ ਅਣਮਿਥੇ ਸਮੇਂ ਲਈ ਬੰਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਗੱਡੀਆਂ ਦੇ ਬੰਦ ਹੋਣ ਤੇ ਆਪਣੀ ਪ੍ਰਤਿਕਿਰਿਆ ਜ਼ਾਹਿਰ ਕਰਦਿਆਂ ਡਾਕਟਰ ਪ੍ਰਸ਼ੋਤਮ ਵਸਿਸ਼ਟ ਨੇ ਕਿਹਾ ਕਿ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲੁਧਿਆਣਾ ਜਾਣ ਲਈ ਕੋਈ ਰੇਲ ਗੱਡੀ ਨਹੀਂ ਚੱਲਦੀ ਕਿਉਂਕਿ ਇਹਨਾਂ ਰੇਲ ਗੱਡੀਆਂ ਨੂੰ ਵਿਭਾਗ ਨੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਤਿੰਨ ਰੇਲ ਗੱਡੀਆਂ ਚੱਲਦੀਆਂ ਸਨ। ਉਹਨਾਂ ਰੇਲਵੇ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਰੇਲ ਗੱਡੀਆਂ ਰੱਦ ਹਨ ਤਾਂ ਉਨਾਂ ਸਮਾਂ ਸਰਬਤ ਦਾ ਭਲਾ ਗੱਡੀ ਜੋ ਇਥੇ ਬਿਨਾਂ ਰੁਕੇ ਲੰਘਦੀ ਹੈ ਦਾ ਠਹਿਰਾਓ ਸੁਨਾਮ ਵਿਖੇ ਕੀਤਾ ਜਾਵੇ ਤਾਂ ਜਿਸ ਨਾਲ ਲੁਧਿਆਣਾ ਜਾਣ ਅਤੇ ਉਥੋਂ ਆਉਣ ਲਈ ਵਪਾਰੀ ਵਰਗ ਅਤੇ ਹੋਰ ਸਵਾਰੀਆਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਜਾਵੇਗੀ ਉਹਨਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਸੁਨਾਮ ਫੇਰੀ ਦੌਰਾਨ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਉਸ ਸਮੇਂ ਵੀ ਅਪੀਲ ਕੀਤੀ ਸੀ ਕਿ ਸਰਬਤ ਦਾ ਭਲਾ ਗੱਡੀ ਦਾ ਠਹਿਰਾਓ ਸੁਨਾਮ ਵਿਖੇ ਕੀਤਾ ਜਾਵੇ ਅਤੇ ਉਨਾਂ ਸ਼ਹਿਰ ਵਾਸੀਆਂ ਦੀ ਮੰਗ ਤੇ ਗੌਰ ਕਰਨ ਦਾ ਭਰੋਸਾ ਵੀ ਦਿੱਤਾ ਸੀ। ਪਰੰਤੂ ਹੁਣ ਰੇਲਾਂ ਬੰਦ ਹੋਣ ਕਾਰਨ ਇਸ ਗੱਡੀ ਦਾ ਇਥੇ ਠਹਿਰਾਓ ਕਰਨਾ ਜਰੂਰੀ ਹੋ ਗਿਆ ਹੈ। ਜਿਸ ਨਾਲ ਰੇਲ ਗੱਡੀਆਂ ਦੇ 12 ਘੰਟੇ ਤੋਂ ਵੀ ਵੱਧ ਵਕਫੇ ਨੂੰ ਕਵਰ ਕੀਤਾ ਜਾ ਸਕਦਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਸ਼ਹਿਰ ਵਾਸੀਆਂ ਦੀ ਇਸ ਜਾਇਜ਼ ਮੰਗ ਨੂੰ ਜਰੂਰ ਪੂਰਾ ਕਰੇਗਾ।