Wednesday, December 17, 2025

Malwa

ਨਸ਼ਾ ਮਨੁੱਖ ਨੂੰ ਸਰੀਰਕ ਤੇ ਸਮਾਜਿਕ ਵਿੱਚੋਂ ਖਤਮ ਕਰਦੈ : ਸਿੰਗਲਾ

December 04, 2024 07:34 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਕੂਲ ਆਫ਼ ਐਮੀਨੈਂਸ ਸੁਨਾਮ ਵਿਖੇ ਸੈਮੀਨਾਰ ਕਰਵਾਇਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਮੋਦ ਸਿੰਗਲਾ ਐਸਡੀਐਮ ਸੁਨਾਮ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਹਰਵਿੰਦਰ ਸਿੰਘ ਖਹਿਰਾ ਡੀਐਸਪੀ ਸੁਨਾਮ ਅਤੇ ਸਥਾਨਕ ਬ੍ਰਹਮ ਕੁਮਾਰੀ ਆਸ਼ਰਮ ਦੇ ਪ੍ਰਮੁੱਖ ਮੀਰਾ ਭੈਣ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਬੋਲਦਿਆਂ ਐਸਡੀਐਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ  ਸਰਕਾਰ ਵੱਲੋਂ ਲਗਾਤਾਰ ਯਤਨ ਜਾਰੀ ਹਨ। ਨਸ਼ਾ ਉਹ ਕੋਹੜ ਹੈ ਜਿਹੜਾ ਮਨੁੱਖ ਨੂੰ ਸਰੀਰਕ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਹੋਰ ਸਮੱਸਿਆਵਾਂ ਪੈਦਾ ਕਰਦਾ ਹੈ ਇਸ ਲਈ ਨਸ਼ੇ ਤੋਂ ਦੂਰ ਰਹਿ ਕੇ ਚੰਗੇ ਇਨਸਾਨ ਬਣੋ ਅਤੇ ਜੋ ਨਸ਼ੇ ਕਰ ਰਹੇ ਹਨ ਉਹਨਾਂ ਨੂੰ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਇਸ ਮੌਕੇ ਬ੍ਰਹਮ ਕੁਮਾਰੀ ਭੈਣ ਮੀਰਾ ਨੇ ਵੀ ਬੱਚਿਆਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਬ੍ਰਹਮਕੁਮਾਰੀ ਆਸ਼ਰਮ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਵੀ ਨਸ਼ਾ ਮੁਕਤੀ  ਨੂੰ ਲੈ ਕੇ ਇੱਕ ਅਭਿਆਨ ਚਲਾਇਆ ਗਿਆ ਹੈ ਜਿਸ ਵਿੱਚ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵੀਡੀਓ ਰਾਹੀਂ ਨਸ਼ੇ ਖਿਲਾਫ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਬ੍ਰਹਮ ਕੁਮਾਰੀ ਵੱਲੋਂ ਬੱਚਿਆਂ ਨੂੰ ਮੈਡੀਟੇਸ਼ਨ ਵੀ ਕਰਵਾਈ ਗਈ ਅਤੇ ਬਾਅਦ ਵਿੱਚ ਨਸ਼ਿਆਂ ਨਾਲ ਲੋਕਾਂ ਦੇ ਜੀਵਨ ਤੇ ਹੁੰਦੇ ਪ੍ਰਭਾਵ ਨੂੰ ਇੱਕ ਵੀਡੀਓ ਰਾਹੀਂ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਪ੍ਰਿੰਸੀਪਲ ਅਨਿਲ ਜੈਨ ਨੇ ਸਵਾਗਤ ਕਰਕੇ ਸਨਮਾਨਿਤ ਕੀਤਾ। ਸਟੇਜ ਦੀ ਕਾਰਵਾਈ ਪ੍ਰੋਫੈਸਰ ਅਸ਼ਵਨੀ ਕੁਮਾਰ ਨੇ ਬਾਖੂਬੀ ਨਿਭਾਈ। ਇਸ ਮੌਕੇ ਮਾਸਟਰ ਗੁਰਸਿਮਰਤ ਸਿੰਘ ਜਖੇਪਲ, ਗੁਰਵਿੰਦਰ ਸਿੰਘ ਧਾਲੀਵਾਲ, ਭੁਪਿੰਦਰ ਭਾਰਦਵਾਜ ਤੋਂ ਇਲਾਵਾ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।

Have something to say? Post your comment