Wednesday, September 17, 2025

Chandigarh

ਪੰਜਾਬ ਸਰਕਾਰ ਵੱਲੋਂ ਸਿੰਚਾਈ ਸਿਸਟਮ ਵਿੱਚ ਹੋਰ ਸੁਧਾਰ ਲਈ ਨਹਿਰਾਂ, ਰਜਵਾਹਿਆਂ ਅਤੇ ਖਾਲਾਂ ਦਾ ਹੋਵੇਗਾ ਨਵੀਨੀਕਰਨ: ਬਰਿੰਦਰ ਕੁਮਾਰ ਗੋਇਲ

November 30, 2024 09:10 PM
SehajTimes

ਰਾਜ ਸਰਕਾਰ ਨੇ ਸਿੰਚਾਈ ਵਿਭਾਗ ਦਾ ਬਜਟ 400 ਕਰੋੜ ਰੁਪਏ ਤੋਂ ਵਧਾ ਕੇ 1500 ਕਰੋੜ ਰੁਪਏ ਕੀਤਾ

ਜਲ ਸਰੋਤ ਮੰਤਰੀ ਨੇ ਸਰਹਿੰਦ ਫੀਡਰ ਤੇ ਰਾਜਸਥਾਨ ਫੀਡਰ ਨਹਿਰ 'ਤੇ 10.24 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਪੁਲਾਂ ਦਾ ਕੀਤਾ ਉਦਘਾਟਨ

ਨਿਰਧਾਰਤ ਸਮਾਂ-ਸੀਮਾ ਤੋਂ ਚਾਰ ਮਹੀਨੇ ਪਹਿਲਾਂ ਮੁਕੰਮਲ ਕੀਤੇ ਗਏ ਪੁਲ: ਬਰਿੰਦਰ ਕੁਮਾਰ ਗੋਇਲ

 ਚੰਡੀਗੜ੍ਹ :  ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿੱਥੇ ਰਾਜ ਦੀ ਤਰੱਕੀ ਤੇ ਸਰਬਪੱਖੀ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਡੈਮਾਂ ਅਤੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਵਿਆਪਕ ਯੋਜਨਾ ਉਲੀਕੀ ਗਈ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਅਤੇ ਬਿਜਲੀ ਦੀ ਬੱਚਤ ਕੀਤੀ ਜਾ ਸਕੇ। ਇਹ ਪ੍ਰਗਟਾਵਾ ਜਲ ਸਰੋਤ, ਖਣਨ ਤੇ ਭੂ-ਵਿਗਿਆਨ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮਚਾਕੀ ਮੱਲ ਸਿੰਘ ਰੋਡ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ ਉਪਰ 10.24 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਟੀਲ ਦੇ ਦੋ ਪੁਲਾਂ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ। ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਫ਼ਰੀਦਕੋਟ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਨੂੰ ਵੀ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ ਕਿਉਂਕਿ ਇਸ ਤੋਂ ਪਹਿਲਾਂ ਇਹ ਪੁਲ ਬਹੁਤ ਤੰਗ ਸਨ ਜਿਸ ਕਰਕੇ ਲੋਕਾਂ ਨੂੰ ਆਵਾਜਾਈ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਹ ਪੁਲ ਮਿੱਥੇ ਸਮੇਂ ਤੋਂ 4 ਮਹੀਨੇ ਪਹਿਲਾਂ ਤਿਆਰ ਕੀਤੇ ਗਏ ਹਨ ਜਿਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵਿਭਾਗ ਦੇ ਅਧਿਕਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨਹਿਰਾਂ 'ਤੇ ਤਲਵੰਡੀ ਬਾਈਪਾਸ ਉਪਰ ਵੀ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ 2 ਹੋਰ ਪੁਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚ 1 ਪੁਲ ਜਨਵਰੀ ਮਹੀਨੇ ਤੱਕ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।

ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲ ਸਰੋਤਾਂ ਦੀ ਸੁਚੱਜੀ ਵਰਤੋਂ ਸਬੰਧੀ ਤਰਜੀਹੀ ਯੋਜਨਾ ਉਲੀਕੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਿੰਚਾਈ ਵਿਭਾਗ ਦਾ ਬਜਟ 400 ਕਰੋੜ ਰੁਪਏ ਤੋਂ ਵਧਾ ਕੇ 1500 ਕਰੋੜ ਰੁਪਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਨਹਿਰਾਂ ਅਤੇ ਡੈਮਾਂ ਦੇ ਪਾਣੀ ਦੀ ਵਰਤੋਂ ਦੇ ਟੀਚੇ ਨੂੰ 100 ਪ੍ਰਤੀਸ਼ਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ 38 ਪ੍ਰਤੀਸ਼ਤ ਬਰਬਾਦ ਹੋ ਰਹੇ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਲਈ ਨਹਿਰਾਂ ਦੇ ਨਵੀਨੀਕਰਨ ਸਣੇ ਰਜਵਾਹੇ ਤੇ ਖਾਲਾਂ ਆਦਿ ਨੂੰ ਪੱਕਾ ਕੀਤਾ ਜਾਵੇਗਾ ਅਤੇ ਉਨ੍ਹਾਂ ਵਿੱਚ ਪਾਣੀ ਦੀ ਸਮੱਰਥਾ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ 100 ਪ੍ਰਤੀਸ਼ਤ ਵਰਤੋਂ ਨਾਲ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਕਾਫ਼ੀ ਹੱਦ ਤੱਕ ਘੱਟ ਜਾਵੇਗੀ। ਇਸ ਤੋਂ ਇਲਾਵਾ ਟਿਊਬਵੈੱਲਾਂ ਦੀ ਵਰਤੋਂ ਘੱਟ ਹੋਣ ਕਾਰਨ ਬਿਜਲੀ ਦੀ ਵੀ ਵੱਡੀ ਪੱਧਰ 'ਤੇ ਬੱਚਤ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਦਰਤੀ ਸੋਮੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ ਅਤੇ ਪਿਛਲੇ 40 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।

ਇਸ ਮੌਕੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਇਸ ਪ੍ਰਾਜੈਕਟ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਨਵਰੀ 2024 ਦੌਰਾਨ ਇਨ੍ਹਾਂ ਪੁਲਾਂ ਦੇ ਮੁੜ-ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਇੱਕ ਸਾਲ ਦੇ ਸਮੇਂ ਵਿੱਚ ਪੂਰਾ ਹੋਣਾ ਸੀ ਪਰ ਇਸ ਨੂੰ 4 ਮਹੀਨੇ ਪਹਿਲਾਂ ਹੀ ਪੂਰਾ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਇਨ੍ਹਾਂ ਪੁਲਾਂ ਨੂੰ 2 ਮਹੀਨੇ ਪਹਿਲਾਂ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ ਜਦ ਕਿ ਇਸ ਦਾ ਰਸਮੀ ਉਦਘਾਟਨ ਅੱਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਬਾਈਪਾਸ 'ਤੇ ਬਣ ਰਹੇ ਪੁਲ ਵੀ ਜਲਦੀ ਹੀ ਬਣ ਕੇ ਤਿਆਰ ਹੋਣ ਉਪਰੰਤ ਲੋਕਾਂ ਲਈ ਖੋਲ੍ਹ ਦਿੱਤੇ ਜਾਣਗੇ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਖੇ ਪਹੁੰਚਣ 'ਤੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਡੀ.ਐਮ ਫ਼ਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਕਾਰਜਕਾਰੀ ਇੰਜੀਨੀਅਰ ਰਾਜਸਥਾਨ ਫੀਡਰ ਨਹਿਰ ਅਤੇ ਗਰਾਊਂਡ ਵਾਟਰ ਮੰਡਲ ਸ. ਰਮਨਪ੍ਰੀਤ ਸਿੰਘ, ਸ੍ਰੀ ਸੰਦੀਪ ਗੋਇਲ ਐਸ.ਈ. ਫਿਰੋਜਪੁਰ ਕਨਾਲ ਸਰਕਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਤੇਜ ਸਿੰਘ ਖੋਸਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਵਰਕਰ ਹਾਜ਼ਰ ਸਨ।

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ