Wednesday, September 17, 2025

Malwa

ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

September 30, 2024 01:33 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਜਿਲੇਦਰੀ ਸ਼ਾਖਾ, ਪਿੰਡ ਲਾਡਬੰਜਾਰਾ, ਜ਼ਿਲਾ ਸੰਗਰੂਰ ਵਿਖੇ ਤਾਇਨਾਤ ਨਹਿਰੀ ਪਟਵਾਰੀ ਕਰਮਜੀਤ ਸਿੰਘ ਨੂੰ 20,000 ਰਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਹੜ ਦੇ ਵਸਨੀਕ ਦਰਸ਼ਨ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। 
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸ ਕੋਲ 25 ਏਕੜ ਜ਼ਮੀਨ ਹੈ ਜਿਸ ਵਿੱਚੋਂ ਸਾਢੇ 8 ਏਕੜ ਜ਼ਮੀਨ ਲਈ ਸਿੰਚਾਈ ਵਾਸਤੇ ਪਹਿਲਾਂ ਹੀ ਨਹਿਰੀ ਪਾਣੀ ਅਲਾਟ ਹੈ ਅਤੇ ਬਾਕੀ ਰਹਿੰਦੀ ਜ਼ਮੀਨ ਲਈ ਸਿੰਚਾਈ ਵਾਸਤੇ ਨਹਿਰੀ ਪਾਣੀ ਅਲਾਟ ਕਰਨ ਬਦਲੇ ਉਕਤ ਪਟਵਾਰੀ ਕਰਮਜੀਤ ਸਿੰਘ ਉਸ ਤੋਂ 2,600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਿਸ਼ਵਤ ਮੰਗ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਉਕਤ ਪਟਵਾਰੀ ਕਰਮਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਪਟਵਾਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

Have something to say? Post your comment