Tuesday, September 16, 2025

Chandigarh

'ਗੱਦਾਰ' ਅਕਾਲੀਆਂ ਨਾਲ ਤਾਂ ਪੰਜਾਬੀ ਨਿਪਟ ਲੈਣਗੇ, ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਨਜਿੱਠੋ-ਕੈਪਟਨ ਅਮਰਿੰਦਰ ਸਿੰਘ

October 04, 2020 09:06 PM
Surjeet Singh Talwandi

ਰਾਹੁਲ ਗਾਂਧੀ ਨੇ ਅੰਬਾਨੀਆਂ ਅਤੇ ਅਡਾਨੀਆਂ ਦੇ ਹੁਕਮਾਂ ਉਤੇ ਭਾਰਤ ਦੇ ਕਿਸਾਨਾਂ ਅਤੇ ਗਰੀਬਾਂ ਨੂੰ ਤਬਾਹ ਕਰਨ ਲਈ ਮੋਦੀ ਦੀ ਸਖਤ ਆਲੋਚਨਾ ਕੀਤੀ
ਜੱਟਪੁਰਾ, ਜਗਰਾਉਂ : ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਨਾਲ ਦਗੇਬਾਜ਼ੀ ਕਮਾਉਣ ਲਈ ਅਕਾਲੀਆਂ ਉਤੇ ਵਰ੍ਹਦਿਆਂ ਆਖਿਆ ਕਿ ਇਹਨਾਂ 'ਗੱਦਾਰਾਂ' ਨਾਲ ਤਾਂ ਪੰਜਾਬ ਦੇ ਲੋਕ ਸਿੱਝ ਲੈਣਗੇ ਜਦਕਿ ਅਸਲ ਲੜਾਈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਹੈ ਜੋ ਇਹਨਾਂ ਘਾਤਕ ਖੇਤੀ ਕਾਨੂੰਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ।
ਰਾਹੁਲ ਗਾਂਧੀ ਦੀ ਖੇਤੀ ਬਚਾਓ ਯਾਤਰਾ ਦੇ ਪਹਿਲੇ ਦਿਨ ਦੀ ਸਮਾਪਤੀ ਮਗਰੋਂ ਜੱਟਪੁਰੇ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਜੋ ਵੀ ਕਦਮ ਚੁੱਕਣੇ, ਪਏ ਚੁੱਕੇਗੀ ਅਤੇ ਅਕਾਲੀਆਂ ਦੇ ਦੋਗਲੇਪਣ ਦਾ ਪਰਦਾਫਾਸ਼ ਕਰੇਗੀ ਜਦਕਿ ਕਾਂਗਰਸ  ਪਾਰਟੀ ਮੋਦੀ ਸਰਕਾਰ ਵਿਰੁੱਧ ਅਪਣੀ ਲੜਾਈ ਜਾਰੀ ਰਖੇਗੀ।


ਮੁੱਖ ਮੰਤਰੀ ਨੇ ਰਾਹੁਲ ਗਾਂਧੀ ਵਲੋਂ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਉਹਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਸੀਂ ਇੱਥੇ ਅਕਾਲੀਆਂ ਨਾਲ ਸਿੱਝ ਲਵਾਂਗੇ ਪਰ ਮੈ ਰਾਹੁਲ ਗਾਂਧੀ ਨੂੰ ਕੇਂਦਰ ਸਰਕਾਰ ਨਾਲ ਟੱਕਰ ਲੈਣ ਅਤੇ ਪ੍ਰਧਾਨ ਮੰਤਰੀ ਬਣਨ ਮੌਕੇ ਇਹਨਾਂ ਨਵੇਂ ਕਾਨੂੰਨਾਂ ਨੂੰ ਰੱਦ ਕਰ ਦੇਣ ਦੀ ਅਪੀਲ ਕਰਦਾਂ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ  ਖੇਤੀਬਾੜੀ ਹੁੰਦੀ ਕੀ ਹੈ ਅਤੇ ਉਹ ਆਪਣੇ ਪੂੰਜੀਪਤੀ ਮਿੱਤਰਾਂ ਦੇ ਫਾਇਦੇ ਲਈ ਆੜ੍ਹਤੀਆਂ ਅਤੇ ਕਿਸਾਨਾਂ ਦਰਮਿਆਨ ਸਦੀਆਂ ਪੁਰਾਣੇ ਰਿਸ਼ਤੇ ਤੋੜਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜਮੀਨ ਦੇ ਮਾਲਕ ਹਨ ਅਤੇ ਇਹਨਾਂ ਵਿਚੋਂ ਵੀ ਢਾਈ ਏਕੜ ਤੋਂ ਘੱਟ ਵਾਲੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਵਿਚ ਬੈਠੇ ਲੋਕਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਇਲਮ ਨਹੀਂ ਹੈ ਜਦਕਿ ਕਿਸਾਨਾਂ ਨੇ ਦਹਾਕਿਆਂ ਤੋਂ ਮੁਲਕ ਦਾ ਢਿੱਡ ਭਰਿਆ ਅਤੇ ਇਹ ਯਕੀਨੀ ਬਣਾਇਆ ਕਿ ਮੁਲਕ ਨੂੰ ਅਨਾਜ ਲਈ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ ਜਿਵੇਂ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਹੁੰਦਾ ਆਇਆ ਹੈ।

ਸੁਖਬੀਰ ਬਾਦਲ ਵੱਲੋਂ ਐਨ.ਡੀ.ਏ. ਨਾਲੋਂ ਨਾਤਾ ਤੋੜਣ ਨੂੰ ਕਿਸਾਨਾਂ ਲਈ ਕੁਰਬਾਨੀ ਦੇ ਕੀਤੇ ਜਾ ਰਹੇ ਦਾਅਵੇ ਉਤੇ ਤਨਜ ਕੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੂੰ ਕੀ ਪਤਾ ਕਿ ਕੁਰਬਾਨੀ ਕੀ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਅਤੇ ਬੇਚੈਨੀ ਦਾ ਸਾਹਮਣਾ ਕਰਨ ਮੌਕੇ ਇਹਨਾਂ ਨੇ ਜੋ ਕੀਤਾ, ਉਹ ਸਿਰਫ ਆਪਣੀ ਸਿਆਸੀ ਹੋਂਦ ਬਚਾਉਣ ਲਈ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਲੜਾਈ ਲੜੇਗੀ ਅਤੇ ਅਕਾਲੀਆਂ ਦਾ ਪਰਦਾਫਾਸ਼ ਕਰੇਗੀ ਜਿਹਨਾਂ ਨੂੰ ਪੰਜਾਬ ਦੇ ਲੋਕ ਰੱਦ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਕੇਂਦਰ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ ਉਤੇ ਕਾਲੇ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਹ ਛੇਤੀ ਹੀ ਵਾਪਰੇਗਾ।
ਰਾਹੁਲ ਗਾਂਧੀ ਨੇ ਆਪਣੀ ਤਕਰੀਰ ਵਿਚ ਪ੍ਰਧਾਨ ਮੰਤਰੀ ਵੱਲੋਂ ਅਡਾਨੀਆਂ ਅਤੇ ਅੰਬਾਨੀਆਂ ਦੇ ਹੁਕਮਾਂ ਉਤੇ ਕਿਸਾਨਾਂ, ਮਜਦੂਰਾਂ, ਛੋਟੇ ਵਪਾਰੀਆਂ, ਛੋਟੇ ਉਦਯੋਗਾਂ ਆਦਿ ਨੂੰ ਤਬਾਹੀ ਦੇ ਕੰਢੇ ਪਹੁੰਚ ਦੇਣ ਦੀ ਸਖਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਨੋਟਬੰਦੀ ਦੌਰਾਨ ਮੋਦੀ ਦੇ ਅਰਬਾਂਪਤੀ ਮਿੱਤਰਾਂ ਨੂੰ ਕਤਾਰਾਂ ਵਿਚ ਨਹੀਂ ਖੜ੍ਹਨਾ ਪਿਆ ਅਤੇ ਇੱਥੋਂ ਤੱਕ ਕਿ ਕੋਵਿਡ ਦੇ ਦੌਰਾਨ ਵੀ ਉਹਨਾਂ ਦੇ ਟੈਕਸ ਅਤੇ ਕਰਜੇ ਮੁਆਫ ਕਰ ਦਿੱਤੇ ਜਦਕਿ ਗਰੀਬ ਅਜੇ ਵੀ ਧੱਕੇ ਖਾ ਰਿਹਾ ਹੈ। ਉਹਨਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਅਜੇ ਵੀ ਨਹੀਂ ਪਤਾ ਕਿ ਜੀ.ਐਸ.ਟੀ ਕੀ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸੜਕਾਂ, ਜਿਹਨਾਂ ਨੂੰ ਕਿਸਾਨ ਆਪਣੀ ਫਸਲ ਮੰਡੀਆਂ ਵਿਚ ਲਿਜਾਣ ਲਈ ਵਰਤਦੇ ਹਨ, ਅਡਾਨੀਆਂ ਅਤੇ ਅੰਬਾਨੀਆਂ ਨੇ ਨਹੀਂ ਬਣਾਈਆਂ ਸਗੋਂ ਮੰਡੀ ਫੀਸ ਆਦਿ ਦੀ ਕਮਾਈ ਨਾਲ ਬਣਾਈਆਂ ਗਈਆਂ ਹਨ। ਉਹਨਾਂ ਨੇ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਇਹਨਾਂ ਨਵੇਂ ਕਾਨੂੰਨਾਂ ਨਾਲ ਮੰਡੀਆਂ ਖਤਮ ਹੋ ਜਾਣਗੀਆਂ ਅਤੇ ਉਹਨਾਂ ਲਈ ਆਪਣਾ ਅਨਾਜ ਵੇਚਣ ਲਈ ਜਿੱਥੇ ਵੀ ਜਾਣਾ ਹੋਵੇ, ਉਸ ਲਈ ਕੋਈ ਰਾਹ ਨਹੀਂ ਬਚੇਗਾ। ਸਦੀਆਂ ਤੋਂ ਪੰਜਾਬੀਆਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਤਬਾਹ ਕਰਕੇ ਪੰਜਾਬ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੇਤੀਬਾੜੀ ਢਾਂਚੇ ਨੂੰ ਤਬਾਹ ਨਹੀਂ ਕਰਨ ਦੇਵੇਗੀ ਜੋ ਸਾਲਾਂ ਤੋਂ ਕਿਸਾਨਾਂ ਦੀ ਸਹਾਇਤਾ ਲਈ ਖੜ੍ਹਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾ ਨਾ ਤਾਂ ਮੋਦੀ ਸਰਕਾਰ ਅੱਗੇ ਕਮਜੋਰ ਹਨ ਅਤੇ ਨਾ ਹੀ ਡਰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਖੇਤੀਬਾੜੀ ਨੂੰ ਤਬਾਹ ਕਰ ਦੇਣ ਦੇ ਕੇਂਦਰ ਦੇ ਯਤਨਾਂ ਨੂੰ ਰੋਕਣ ਲਈ ਕਿਸਾਨ ਭਾਈਚਾਰੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜ੍ਹੇਗੀ।

ਜੱਟਪੁਰਾ ਵਿਖੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਏਕੋਟ ਹਲਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਖਿਲਾਫ ਪਾਸ ਕੀਤੇ ਮਤੇ ਵੀ ਸੌਂਪੇ ਗਏ।
ਇਸ ਤੋਂ ਪਹਿਲਾਂ ਚਕਰ, ਲੱਖਾ ਅਤੇ ਮਾਣੂੰਕੇ ਪਿੰਡਾਂ ਵਿਚੋਂ ਟਰੈਕਟਰ ਰਾਹੀਂ ਲੰਘਦੇ ਹੋਏ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮਿਲੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਸ ਲੜਾਈ ਵਿਚ ਕਾਂਗਰਸ ਪਾਰਟੀ ਦਾ ਪੂਰਾ ਸਮਰਥਨ ਕਿਸਾਨਾਂ ਨਾਲ ਹੈ। 'ਕਿਸਾਨ ਬਚਾਓ, ਖੇਤੀ ਬਚਾਓ' ਰੈਲੀ ਦੌਰਾਨ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਉਹ ਹਰ ਕਦਮ ਚੁੱਕੇਗੀ ਜੋ ਕਿਸਾਨੀ ਨੂੰ ਬਚਾਉਣ ਲਈ ਜ਼ਰੂਰੀ ਹੋਵੇਗਾ, ਇਸ ਵਿਚ ਕਾਨੂੰਨੀ ਵਿਕਲਪ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਗਲਵਾਨ ਘਾਟੀ ਵਿਚ ਚੀਨ ਖਿਲਾਫ ਲੜਦਿਆਂ ਪੰਜਾਬੀ ਫੌਜੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਭੁੱਲ ਗਈ ਹੈ ਪਰ ਉਹ ਇਨ੍ਹਾਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਣਗੇ ਜਿੱਦਾਂ ਕਿ ਭਾਜਪਾ ਕਰ ਰਹੀ ਹੈ।  
ਰਾਹੁਲ ਗਾਂਧੀ ਨੇ ਕਿਹਾ ਕਿ ਤਾਜ਼ਾ ਪਾਸ ਕੀਤੇ ਤਿੰਨ ਕਿਸਾਨੀ ਕਾਨੂੰਨ ਹੀ ਸਿਰਫ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਗਏ ਲੋਕ ਵਿਰੋਧੀ ਫੈਸਲੇ ਨਹੀਂ ਹਨ ਬਲਕਿ ਇਨ੍ਹਾਂ ਕਾਨੂੰਨਾਂ ਰਾਹੀਂ ਉਹ ਖੇਤੀ ਖੇਤਰ ਅਤੇ ਮੰਡੀ ਸਿਸਟਮ ਨੂੰ ਤਬਾਹੀ ਦੇ ਕੰਢੇ ਲੈ ਗਈ ਹੈ।
ਚਕਰ ਵਿਚ, ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਰਾਹੁਲ ਨੂੰ 'ਪੰਜਾਬ ਦੀ ਮਿੱਟੀ' ਭੇਟ ਕਰਦਿਆਂ ਮੰਗ ਕੀਤੀ ਕਿ ਉਹ ਪ੍ਰਧਾਨ ਮੰਤਰੀ ਵੱਲੋਂ ਥੋਪੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਪੰਜਾਬ ਨੂੰ ਅਤੇ ਕਿਸਾਨਾਂ ਨੂੰ ਬਚਾਉਣ ਲਈ ਜ਼ੋਰਦਾਰ ਹੰਭਲਾ ਮਾਰਨ। ਬਿੱਟੂ ਨੇ ਕਿਹਾ ਕਿ ਪੰਜਾਬ, ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਰੋਜ਼ਾਨਾ ਘੱਟੋਂ-ਘੱਟ 40-50 ਰੇਲਾਂ ਅਨਾਜ ਦੀਆਂ ਭਰ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੀਆਂ ਜਾਂਦੀਆਂ ਹਨ ਤਾਂ ਜੋ ਕੋਈ ਭੁੱਖਾ ਨਾ ਰਹੇ।
ਇਹ ਟਰੈਕਟਰ ਰੈਲੀ ਜਿਨ੍ਹਾਂ ਪਿੰਡਾਂ ਵਿੱਚੋਂ ਵੀ ਲੰਘੀ, ਲੋਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ ਖਾਸ ਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਨੇ ਖਾਸਾ ਉਤਸ਼ਾਹ ਵਿਖਾਇਆ। ਕਈ ਥਾਂਵਾਂ 'ਤੇ ਲੋਕਾਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ 'ਪੰਜਾਬ ਦੇ ਪਾਣੀਆਂ ਦਾ ਰਾਖਾ ਕੈਪਟਨ ਹੁਣ ਕਿਸਾਨੀ ਦਾ ਰਾਖਾ ਬਣੂੰਗਾ।'
ਲੋਪੋਂ ਪਿੰਡ ਵਿਚ ਰਾਹੁਲ ਗਾਂਧੀ ਨੂੰ ਸੰਤ ਦਰਬਾਰ ਸੰਪਰਦਾਏ ਵੱਲੋਂ ਸਿਰੋਪਾ ਦਿੱਤਾ ਗਿਆ। ਮਾਣੂੰਕੇ ਪਿੰਡ ਵਿਚ ਰਾਹੁਲ ਮੱਕੀ ਕਾਸ਼ਤਕਾਰਾਂ ਭੁਪਿੰਦਰ ਸਿੰਘ ਪੱਪੂ ਅਤੇ ਰਣਜੀਤ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਕਿਸਾਨਾਂ ਤਰਫੋਂ ਰਾਹੁਲ ਦਾ ਧੰਨਵਾਦ ਪ੍ਰਗਟਾਉਣ ਲਈ ਉਸ ਨੂੰ ਛੱਲੀ ਭੇਟ ਕੀਤੀ।
ਆੜ੍ਹਤੀ ਐਸੋਸੀਏਸ਼ਨ ਤਰਫੋਂ ਵਿਜੇ ਕਾਲੜਾ ਨੇ ਰਾਹੁਲ ਗਾਂਧੀ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਆੜ੍ਹਤੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਬਤ ਦੱਸਿਆ ਅਤੇ ਰਾਹੁਲ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ  ਇਨ੍ਹਾਂ ਬਰਬਰ ਕਾਨੂੰਨਾਂ ਖਿਲਾਫ ਦੀ ਪੂਰੇ ਜ਼ੋਰਦਾਰ ਤਰੀਕੇ ਨਾਲ ਮੁਖਾਲਫਤ ਕਰੇਗੀ।
ਟਰੈਕਟਰਾਂ ਦਾ ਇਹ ਕਾਫਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਦੀਪੇਂਦਰ ਹੂਡਾ ਦੀ ਅਗਵਾਈ ਵਿਚ ਸੀ ਅਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨਾਲ ਟਰੈਕਟਰ 'ਤੇ ਬੈਠੇ ਸਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਅਤੇ ਕੇਸੀ ਵੇਨੂਗੋਪਾਲ, ਪੰਜਾਬ ਦੇ ਕੈਬਨਿਟ ਮੰਤਰੀ, ਐਮ.ਪੀਜ਼, ਵਿਧਾਇਕ ਅਤੇ ਹੋਰ ਆਗੂ ਬਾਕੀ ਟਰੈਕਟਰਾਂ 'ਤੇ ਉਨ੍ਹਾਂ ਪਿੱਛੇ ਚੱਲ ਰਹੇ ਸਨ।

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ