Wednesday, September 17, 2025

Malwa

ਸੰਤ ਲੌਂਗੋਵਾਲ ਦਾ ਬਰਸੀ ਸਮਾਗਮ ਸੁਖਬੀਰ ਬਾਦਲ ਦੀ ਅਗਵਾਈ 'ਤੇ ਮੋਹਰ ਲਾਉਣ ਤੱਕ ਹੋਇਆ ਸੀਮਤ 

August 21, 2024 11:39 AM
ਦਰਸ਼ਨ ਸਿੰਘ ਚੌਹਾਨ

ਸ਼੍ਰੋਮਣੀ ਕਮੇਟੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੀ --ਧਾਮੀ 

 
ਲੌਂਗੋਵਾਲ : ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਵੱਲੋਂ ਭਾਈ ਮਨੀ ਸਿੰਘ ਖਾਲਸਾ ਕਾਲਜ਼  ਲੌਂਗੋਵਾਲ ਵਿਖੇ ਕਰਵਾਏ ਗਏ ਬਰਸੀ ਸਮਾਗਮ ਵਿੱਚ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਮੋਹਰ ਲਾਉਂਦੀ ਦਿਖਾਈ ਦਿੱਤੀ। ਬੁਲਾਰਿਆਂ ਨੇ ਜਿੱਥੇ ਰਾਜਸੀ ਵਿਰੋਧੀਆਂ ਨੂੰ ਭੰਡਿਆ ਉੱਥੇ ਪਾਰਟੀ ਪ੍ਰਧਾਨ ਨੂੰ ਦ੍ਰਿੜਤ ਇਰਾਦੇ ਵਾਲਾ ਆਗੂ ਦੱਸਿਆ। ਮੰਗਲਵਾਰ ਨੂੰ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ਼ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਕਾਂਗਰਸ ਦੀਆਂ ਮਗਰਲੀਆਂ ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇੰਨਾਂ ਪਾਰਟੀਆਂ ਨੇ ਪੰਜਾਬ ਦੇ ਹੱਕਾਂ ਨਾਲ ਧ੍ਰੋਹ ਕਮਾਇਆ ਹੈ ਜਦਕਿ ਅਕਾਲੀ ਦਲ ਨੇ ਸੱਤਾ 'ਚ ਰਹਿੰਦਿਆਂ ਪੰਜਾਬ ਦਾ ਵਿਕਾਸ ਕੀਤਾ ਅਤੇ ਪੰਜਾਬ ਦੇ ਹਿੱਤਾਂ 'ਤੇ ਪਹਿਰਾ ਦਿੱਤਾ, ਪੰਜਾਬ ਦੇ ਪਾਣੀਆਂ ਦੀ ਰਾਖੀ ਅਕਾਲੀ ਦਲ ਨੇ ਹਿੱਕ ਡਾਹਕੇ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਰਹੀ ਹੈ, ਹਰ ਇਕ ਮੁੱਦੇ ਤੇ ਝੂਠ ਬੋਲਿਆ ਜਾ ਰਿਹਾ ਅਸਲ ਹਕੀਕਤ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਕੁੱਝ ਇੱਕ ਲੋਕਾਂ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੋ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਪਾਣੀਆਂ ਨੂੰ ਖਤਰਾ ਹੈ, ਖੇਤੀ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸੜਕ ਜਾਮ ਕਰਨ ਨਾਲ ਮਸਲੇ ਹੱਲ ਨਹੀਂ ਹੋਣਗੇ ਸਗੋਂ ਅੰਦੋਲਨ ਲਈ ਕੋਈ ਠੋਸ ਰਣਨੀਤੀ ਤੈਅ ਕਰਕੇ ਹੀ ਹੱਲ ਲੱਭਿਆ ਜਾ ਸਕਦਾ ਹੈ ਜਿਵੇਂ ਅਕਾਲੀ ਦਲ ਕਰਦਾ ਆ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੋਗਲੀ ਰਾਜਨੀਤੀ ਕਰਦੇ ਹਨ। ਵੋਟਾਂ ਹਾਸਲ ਕਰਨ ਲਈ ਉਹ ਖਾਲਿਸਤਾਨ ਦੇ ਏਜੰਡੇ 'ਤੇ ਚੱਲਦੇ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਸੰਵਿਧਾਨ ਦੀ ਸਹੁੰ ਮੁਲਕ ਦੀ ਸਿਖਰਲੀ ਪੰਚਾਇਤ ਵਿੱਚ ਜਾ ਕੇ ਚੁੱਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਗੀ ਅਕਾਲੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਅਤੇ ਆਰ ਐਸ ਐਸ ਦੇ ਕੁਹਾੜੇ ਦਾ ਦਸਤਾ ਬਣਕੇ ਸਿੱਖ ਕੌਮ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਭਾਜਪਾ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਗਠਿਤ ਕੀਤੀ ਕਮੇਟੀ ਵਿੱਚ ਆਰ ਐਸ ਐਸ ਦੇ ਧਾਰਨੀ ਬੰਦਿਆਂ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਅਕਾਲੀ ਦਲ ਦੇ ਨਾਲ ਰਹੀ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਭਵਿੱਖ ਵਿੱਚ ਵੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੀ ਰਹੇਗੀ। ਇਸ ਮੌਕੇ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾਂ, ਮਹੇਸ਼ਇੰਦਰ ਸਿੰਘ ਗਰੇਵਾਲ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਵਿਨਰਜੀਤ ਸਿੰਘ ਗੋਲਡੀ, ਇਕਬਾਲ ਸਿੰਘ ਝੂੰਦਾਂ, ਰਜਿੰਦਰ ਦੀਪਾ, ਕੁਲਵੰਤ ਸਿੰਘ ਕੰਤਾ, ਬਾਬਾ ਟੇਕ ਸਿੰਘ, ਜ਼ਾਹਿਦਾ ਸੁਲੇਮਾਨ, ਤੇਜਿੰਦਰ ਸਿੰਘ ਸੰਘਰੇੜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ