Friday, December 19, 2025

Chandigarh

ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ

June 15, 2024 07:01 PM
SehajTimes

ਅਮਨ ਅਰੋੜਾ ਨੇ ਦੋਵਾਂ ਅਫ਼ਸਰਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਸੁਨਹਿਰੀ ਭਵਿੱਖ ਲਈ ਦਿੱਤੀਆਂ ਸ਼ੁੱਭਕਾਮਨਾਵਾਂ

ਚੰਡੀਗੜ੍ਹ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਨੇ ਇੱਕ ਵਾਰ ਫੇਰ ਸਫ਼ਲਤਾ ਦੇ ਝੰਡੇ ਗੱਡੇ ਹਨ। ਇਸ ਵੱਕਾਰੀ ਸੰਸਥਾ ਦੀਆਂ ਦੋ ਕੈਡਿਟ ਹਰੂਪ ਕੌਰ ਅਤੇ ਨਿਵੇਦਿਤਾ ਸੈਣੀ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਅੱਜ ਭਾਰਤੀ ਹਵਾਈ ਸੈਨਾ ਵਿੱਚ ਫ਼ਲਾਇੰਗ ਅਫ਼ਸਰ ਵਜੋਂ ਸ਼ਾਮਲ ਹੋ ਗਈਆਂ ਹਨ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਚੀਫ਼ ਆਫ਼ ਏਅਰ ਸਟਾਫ, ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ, ਪੀ.ਵੀ.ਐਸ.ਐਮ, ਏ.ਵੀ.ਐਸ.ਐਮ, ਵੀ.ਐਮ, ਏ.ਡੀ.ਸੀ. ਵੱਲੋਂ ਕੀਤਾ ਗਿਆ। ਪੰਜਾਬ ਪੁਲਿਸ, ਐਸ.ਏ.ਐਸ.ਨਗਰ (ਮੋਹਾਲੀ) ਜ਼ਿਲ੍ਹੇ ਵਿੱਚ ਤੈਨਾਤ ਹੈੱਡ ਕਾਂਸਟੇਬਲ ਸ. ਭਗਵੰਤ ਸਿੰਘ ਦੀ ਧੀ ਫ਼ਲਾਇੰਗ ਅਫ਼ਸਰ ਹਰੂਪ ਕੌਰ ਐਜੂਕੇਸ਼ਨ ਬ੍ਰਾਂਚ ਵਿੱਚ ਸ਼ਾਮਲ ਹੋਵੇਗੀ। ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਫਲਾਇੰਗ ਅਫ਼ਸਰ ਨਿਵੇਦਿਤਾ ਸੈਣੀ ਦੇ ਪਿਤਾ ਸ. ਹਰਿੰਦਰ ਸਿੰਘ ਸੈਣੀ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹਨ ਅਤੇ ਨਿਵੇਦਿਤਾ ਹਵਾਈ ਸੈਨਾ ਦੀ ਲਾਜਿਸਟਿਕ ਬ੍ਰਾਂਚ ਵਿਚ ਸ਼ਾਮਲ ਹੋਵੇਗੀ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੋਵੇਂ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਯਕੀਨੀ ਤੌਰ 'ਤੇ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਦੇ ਮੌਕੇ ਤਲਾਸ਼ਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਮਿਸ਼ਨਡ ਅਫਸਰਾਂ ਵਜੋਂ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਸੂਬੇ ਦੀਆਂ ਧੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਨੇ ਜੁਲਾਈ 2023 ਵਿੱਚ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਲੜਕੀਆਂ ਲਈ ਐਨ.ਡੀ.ਏ. ਪ੍ਰੈਪਰੇਟਰੀ ਵਿੰਗ ਦੀ ਸਥਾਪਨਾ ਕੀਤੀ ਸੀ। ਇਸ ਸਮੇਂ ਇਥੇ ਦੂਜੇ ਬੈਚ ਦੀ ਸਿਖਲਾਈ ਚੱਲ ਰਹੀ ਹੈ ਜ਼ਿਕਰਯੋਗ ਹੈ ਕਿ ਮਾਈ ਭਾਗੋ ਇੰਸਟੀਚਿਊਟ, ਪੰਜਾਬ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਕੰਮ ਕਰ ਰਿਹਾ ਹੈ। ਇਸ ਸੰਸਥਾ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ-ਨਾਲ ਰਿਹਾਇਸ਼ੀ ਕੈਂਪਸ ਮੌਜੂਦ ਹੈ ਅਤੇ ਇਹ ਦੇਸ਼ ਦੀ ਆਪਣੀ ਕਿਸਮ ਦੀ ਇੱਕੋ-ਇੱਕ ਸੰਸਥਾ ਹੈ।

ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ (ਸੇਵਾ-ਮੁਕਤ) ਨੇ ਦੋਵੇਂ ਕੈਡਿਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨਡ ਹੋਣ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸੂਬਾ ਸਰਕਾਰ ਵੱਲੋਂ ਹੋਰ ਲੜਕੀਆਂ ਨੂੰ ਵੱਖ-ਵੱਖ ਹਥਿਆਰਬੰਦ ਸੈਨਾਵਾਂ ਦੀਆਂ ਪ੍ਰੀ-ਕਮਿਸ਼ਨ ਸਿਖਲਾਈ ਅਕੈਡਮੀਆਂ ਵਿੱਚ ਭੇਜਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ। ਉਨ੍ਹਾਂ ਨੇ ਨਵੇਂ ਕਮਿਸ਼ਨਡ ਅਫ਼ਸਰਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Have something to say? Post your comment

 

More in Chandigarh

8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੀ 16ਵੀ ਮੀਟਿੰਗ ਹੋਈ

ਸਾਲ 2025 ਦਾ ਲੇਖਾ-ਜੋਖਾ: ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ

ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ: ਸਾਲ 2025 ਦਾ ਲੇਖਾ-ਜੋਖਾ

ਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਅਤੇ ਵਿਕਾਸ ਕੇਂਦਰ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ