Wednesday, December 17, 2025

Malwa

ਸਰਹਿੰਦ ਚੋਅ ਚ, ਪਾਣੀ ਆਉਣ ਕਾਰਨ ਪੁਲ ਦਾ ਨਿਰਮਾਣ ਪ੍ਰਭਾਵਿਤ ਹੋਣ ਦਾ ਖਦਸ਼ਾ 

June 13, 2024 06:51 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਸੰਗਰੂਰ ਮੁੱਖ ਸੜਕ ’ਤੇ ਪੈਂਦੇ ਪਿੰਡ ਅਕਾਲਗੜ੍ਹ ਵਿਖੇ ਸਰਹਿੰਦ ਚੋਅ ’ਤੇ ਨਵਾਂ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਪਹਿਲਾਂ ਟੁੱਟੇ ਹੋਏ ਪੁਲ ਨੂੰ ਢਾਹ ਦਿੱਤਾ ਗਿਆ ਹੈ ਅਤੇ ਵਾਹਨਾਂ ਦੀ ਆਵਾਜਾਈ ਲਈ ਚੋਅ ਦੇ ਵਿੱਚੋਂ ਦੀ ਇੱਕ ਆਰਜ਼ੀ ਰਾਹ ਬਣਾਇਆ ਗਿਆ ਹੈ ਪਰੰਤੂ ਹੁਣ ਅਚਾਨਕ ਇਸ ਚੋਅ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆ ਗਿਆ ਹੈ। ਜੇਕਰ ਪਾਣੀ ਦੇ ਵਹਾਅ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਨਾ ਸਿਰਫ਼ ਆਰਜ਼ੀ ਸੜਕ ਟੁੱਟਣ ਦਾ ਡਰ ਬਣਿਆ ਹੋਇਆ ਹੈ, ਸਗੋਂ ਆਲੇ-ਦੁਆਲੇ ਦੇ ਖੇਤ ਵੀ ਪਾਣੀ ਵਿੱਚ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ। ਇਸ ਖਤਰੇ ਨੂੰ ਭਾਂਪਦਿਆਂ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਚੋਅ 'ਤੇ ਬੰਨ੍ਹ ਬਣਾਕੇ ਸੜਕ ਬਣਾਉਣ 'ਤੇ ਸਰਕਾਰ ' ਉੱਤੇ ਸਵਾਲ ਖੜ੍ਹੇ ਕੀਤੇ ਹਨ। ਦਾਮਨ ਬਾਜਵਾ ਨੇ ਕਿਹਾ ਕਿ ਉਹ ਆਉਣ ਵਾਲੀ ਇਸ ਸਮੱਸਿਆ ਬਾਰੇ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਲੇਕਿਨ ਸਰਕਾਰ ਅਤੇ ਪ੍ਰਸ਼ਾਸਨ ਨੇ ਉਸ ਸਮੇਂ ਉਨ੍ਹਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਪਰ ਅੱਜ ਇਹ ਸਮੱਸਿਆ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਚੋਅ ਤੇ ਨਵੇਂ ਪੁਲ ਦੀ ਉਸਾਰੀ ਦੇ ਚੱਲਦਿਆਂ ਚੋਅ ਦੇ ਪਾਣੀ ਦੀ ਨਿਕਾਸੀ ਲਈ ਚੋਅ ਵਿੱਚ ਬਣਾਏ ਆਰਜ਼ੀ ਰਾਹ ਤੇ ਸਿਰਫ਼ ਪੰਜ ਪਾਈਪਾਂ ਪਾਈਆਂ ਗਈਆਂ ਹਨ, ਜੋ ਕਾਫ਼ੀ ਨਹੀਂ ਹਨ, ਜਿਸ ਕਾਰਨ ਪਾਣੀ ਕਿਨਾਰਿਆਂ ਤੋਂ ਉੱਪਰ ਜਾ ਸਕਦਾ ਹੈ, ਜਿਸ ਨਾਲ ਹਜ਼ਾਰਾਂ ਏਕੜ ਫ਼ਸਲਾਂ ਦੇ ਬਰਬਾਦ ਹੋਣ ਦਾ ਖਤਰਾ ਬਣਿਆ ਹੋਇਆ ਹੈ। ਮੀਂਹ ਕਾਰਨ ਇਹ ਸਮੱਸਿਆ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਲਈ ਨੁਕਸਾਨ ਦੀ ਭਰਪਾਈ ਕਰਨਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਵੱਡੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।  ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨੇ ਬਰਸਾਤ ਨਾਲ ਹੋਣ ਵਾਲੇ ਖਤਰੇ ਦਾ ਅੰਦਾਜ਼ਾ ਕਿਉਂ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਸੁਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਇਸ ਖੇਤਰ ਦੀ ਨੁਮਾਇੰਦਗੀ ਕਰ ਰਹੇ ਹਨ। ਅਜਿਹੀ ਲਾਪਰਵਾਹੀ ਨਾਲ ਕਿਸਾਨਾਂ ਨੂੰ ਹਜ਼ਾਰਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। 

Have something to say? Post your comment