ਪਟਿਆਲਾ : ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਅੱਜ ਪਟਿਆਲਾ ਵਿਖੇ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਨਾ ਹੋਣ ਕਰਕੇ ਰੱਦ ਹੋਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ 34 ਉਮੀਦਵਾਰਾਂ ਵੱਲੋਂ ਕੁਲ 49 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ, ਇਨ੍ਹਾਂ ਵਿੱਚੋਂ 27 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਲੋਕਤੰਤਰਿਕ ਲੋਕ ਰਾਜਿਅਮ ਪਾਰਟੀ ਦੇ ਉਮੀਦਵਾਰ ਸੁੱਖਾ ਰਾਮ ਵੱਲੋਂ ਭਰੀਆਂ ਦੋਵੇਂ ਨਾਮਜਦਗੀਆਂ ਅਤੇ ਆਜਾਦ ਉਮੀਦਵਾਰ ਜਗਮਿੰਦਰ ਸਿੰਘ ਦੇ ਨਾਮਜਦਗੀ ਪੱਤਰ ਦਰੁਸਤ ਨਾ ਪਾਏ ਜਾਣ ਕਰਕੇ ਰੱਦ ਹੋ ਗਏ ਹਨ।
ਇਸ ਤੋਂ ਬਿਨ੍ਹਾਂ ਕਵਰਿੰਗ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਚੇਤਨ ਸਿੰਘ, ਬਬਿਤਾ ਸ਼ਰਮਾ, ਸੁਖਜੀਤ ਸਿੰਘ ਦੇ ਇੱਕ-ਇੱਕ ਸੈਟ ਸਮੇਤ ਨਰਿੰਦਰ ਸਿੰਘ ਸੰਧੂ ਦੇ ਨਾਮਜ਼ਦਗੀਆਂ ਦੇ 3 ਅਤੇ ਜੈ ਇੰਦਰ ਕੌਰ ਦੇ 4 ਸੈਟ ਨਾਮਜ਼ਦਗੀਆਂ ਵੀ ਰੱਦ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਵਾਪਸ ਲੈ ਸਕਣਗੇ, ਇਸੇ ਦਿਨ ਸਾਰੇ ਉਮੀਦਵਾਰਾਂ ਦੀ ਸੂਚੀ ਫਾਈਨਲ ਹੋ ਜਾਵੇਗੀ ਅਤੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।