Friday, May 03, 2024

Malwa

ਪਾਣੀ, ਧਰਤੀ ਅਤੇ ਹਵਾ ਨੂੰ ਬਚਾਉਣ ਲਈ ਮਨੁੱਖੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਲੋੜ : ਪ੍ਰੋ. ਅਰਵਿੰਦ

April 20, 2024 10:56 AM
SehajTimes

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪਾਣੀ, ਧਰਤੀ ਅਤੇ ਹਵਾ ਨੂੰ ਬਚਾਉਣ ਲਈ ਮਨੁੱਖੀ ਸੋਚ ਵਿੱਚ ਪਰਿਵਰਤਨ ਲਿਆਂਦੇ ਜਾਣ ਦੀ ਜ਼ਰੂਰਤ ਹੈ। ਅੱਜ ਕਲਾ ਭਵਨ ਵਿਖੈ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਪੁਸਤਕ ‘ਧਰਤੀ ਦੀ ਵਾਰ’ `ਤੇ ਚਰਚਾ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਜੇ ਅਸੀਂ ਪਾਣੀ, ਧਰਤੀ ਅਤੇ ਹਵਾ ਨੂੰ ਹੋ ਰਹੀ ਦੁਰਦਸ਼ਾ ਤੋਂ ਨਾ ਬਚਾਇਆ ਤਾਂ ਧਰਤੀ ਤੋਂ ਵਿਕਸਿਤ ਜੀਵਾਂ ਦਾ ਅੰਤ ਤਾਂ ਹੋ ਹੀ ਜਾਵੇਗਾ।  ਪੁਸਤਕ ਦੇ ਹਵਾਲੇ ਨਾਲ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਮਨੁੱਖ ਅਤੇ ਇਸ ਵਰਗੇ ਹੋਰ ਜੀਵ ਸਿਰਫ਼ ਸੁੰਤਲਿਤ ਵਾਤਾਵਰਣ ਵਾਲ਼ੇ ਮਾਹੌਲ ਵਿੱਚ ਹੀ ਜਿਉਂਦੇ ਰਹਿ ਸਕਦੇ ਹਨ। ਇਸ ਲਈ ਆਪੋ ਆਪਣੇ ਹਿੱਸੇ ਦਾ ਯੋਗਦਾਨ ਪਾ ਕੇ ਇਸ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰਨੀ ਚਾਹੀਦੀ ਹੈ। ਪੁਸਤਕ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਸ ਵਿੱਚ ‘ਵਾਰ’ ਵਰਗੀ ਪੁਰਾਣੀ ਵਿਧਾ ਨੂੰ ਲੇਖਕ ਨੇ ਆਪਣੀ ਗੱਲ ਕਹਿਣ ਦੇ ਮਾਧਿਅਮ ਵਜੋਂ ਚੁਣਿਆ ਹੈ।
ਉੱਘੇ ਪੰਜਾਬੀ ਲੇਖਕ ਵਰਿਆਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਣ ਦੌਰਾਨ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਸ਼ਖ਼ਸੀਅਤ ਅਤੇ ਆਪਣੇ ਨਾਲ਼ ਵਿਸ਼ੇਸ਼ ਸਾਂਝ ਬਾਰੇ ਗੱਲ ਕਰਦਿਆਂ ਵੱਖ-ਵੱਖ ਵਿਸਿ਼ਆਂ ਉੱਤੇ ਅਹਿਮ ਟਿੱਪਣੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਡਾ. ਮੰਡ ਇੱਕ ਸਮਰੱਥ ਲੇਖਕ ਹੋਣ ਦੇ ਨਾਲ਼ ਨਾਲ਼ ਵਿਦਿਆਰਥੀ ਆਗੂ ਵਜੋਂ ਵੀ ਵਿਚਰਦੇ ਰਹੇ ਹਨ। ਸੰਘਰਸ਼ਾਂ ਦੇ ਅਨੁਭਵ ਨਾਲ਼ ਜੁੜਿਆ ਜੁਝਾਰੂ ਜਜ਼ਬੇ ਕਾਰਨ ਹੀ ਸ਼ਾਇਦ ਉਨ੍ਹਾਂ ਨੇ ‘ਵਾਰ’ ਜਿਹੀ ਸਾਹਤਿਕ ਵਿਧਾ ਨੂੰ ਆਪਣੀ ਗੱਲ ਕਹਿਣ ਲਈ ਚੁਣਿਆ ਹੈ। ਪੁਸਤਕ ਦੇ ਸਿਰਲੇਖ ਅਤੇ ਵਿਸ਼ੇ ਦੇ ਹਵਾਲੇ ਨਾਲ਼ ਗੱਲ ਕਰਦਿਆਂ ਉਨ੍ਹਾਂ ਇੱਕ ਟਿੱਪਣੀ ਵਿੱਚ ਕਿਹਾ ਕਿ ਜੋ ਵਿਅਕਤੀ ਆਪਣੀ ਮਾਂ ਅਤੇ ਧਰਤੀ ਮਾਂ ਨੂੰ ਪਿਆਰ ਨਹੀਂ ਕਰਦਾ ਉਹ ਹੋਰ ਕਿਸੇ ਨੂੰ ਵੀ ਪਿਆਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਡਾ. ਮੰਡ ਨੇ ਸਾਡੇ ਵਿਰਸੇ ਨਾਲ਼ ਸੰਬੰਧਤ ਢਾਡੀਆਂ ਵੱਲੋਂ ਲਿਖੀ ਅਤੇ ਗਾਈ ਜਾਂਦੀ ਵਾਰ-ਪਰੰਪਰਾ ਨੂੰ ਅੱਗੇ ਵਧਾਉਣ ਆਪਣਾ ਯੋਗਦਾਨ ਪਾਇਆ ਹੈ। ਡਾ. ਸੁਰਿੰਦਰਪਾਲ ਸਿੰਘ ਮੰਡ ਨੇ ਆਪਣੀ ਲੇਖਣੀ ਸੰਬੰਧੀ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਸ ਦੇ ਮਨ ਵਿੱਚ ਲੇਖਕ ਹੋਣ ਦੇ ਨਾਤੇ ਇਹ ਗੱਲ ਹਮੇਸ਼ਾ ਵਾਰ-ਵਾਰ ਆਉਂਦੀ ਸੀ ਕਿ ਉਸ ਨੂੰ ਦਿਨ-ਬ-ਦਿਨ ਪਲੀਤ ਹੋ ਰਹੀ ਧਰਤੀ ਮਾਂ ਬਾਰੇ ਕੁੱਝ ਲਿਖਣਾ ਚਾਹੀਦਾ ਹੈ। ਇਹੋ ਗੱਲ ਵਿਸ਼ਾ ਚੋਣ ਦਾ ਸਬੱਬ ਅਤੇ ਪ੍ਰੇਰਣਾ ਬਣੀ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਧਰਤੀ ਮਾਂ ਦਾ ਰੁਤਬਾ ਬਹੁਤ ਵੱਡਾ ਹੈ। ਇਸ ਦੀ ਬਰਕਰਾਰੀ ਲਈ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਜੰਗਾਂ ਯੁੱਧਾਂ ਅਤੇ ਪ੍ਰਦੂਸ਼ਣ ਜਿਹੀਆਂ ਅਲਾਮਤਾਂ ਨਾਲ਼ ਧਰਤੀ ਮਾਂ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਸੰਬੰਧੀ ਰੁਝਾਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਡਾ. ਸੁਰਿੰਦਰਪਾਲ ਮੰਡ ਦੀ ਬੇਟੀ ਡਾ. ਮਲਿਕਾ ਮੰਡ ਨੇ ਪੁਸਤਕ ਬਾਰੇ ਸੰਖੇਪ ਪਰਚਾ ਪੜ੍ਹਿਆ ਜਦੋਂ ਕਿ ਛੋਟੀਆਂ ਬੇਟੀਆਂ ਮੰਨਤ ਮੰਡ ਅਤੇ ਸੀਰਤ ਮੰਡ ਨੇ ‘ਧਰਤੀ ਦੀ ਵਾਰ’ ਪੁਸਤਕ ਵਿੱਚੋਂ ਕੁੱਝ ਵਾਰਾਂ ਦਾ ਗਾਇਨ ਕੀਤਾ। ਪ੍ਰੋਗਰਾਮ ਦਾ ਸਵਾਗਤੀ ਭਾਸ਼ਣ ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਦਿੱਤਾ ਜਦੋਂ ਕਿ ਧੰਨਵਾਦੀ ਸ਼ਬਦ ਡਾ. ਗਗਨਦੀਪ ਥਾਪਾ ਨੇ ਬੋਲੇ। ਉਪ-ਕੁਲਪਤੀ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਰਹੇ। ਮੰਚ ਸੰਚਾਲਨ ਦਾ ਕਾਰਜ ਡਾ. ਹਰਿੰਦਰ ਕੌਰ ਹੁੰਦਲ ਨੇ ਕੀਤਾ।
  

Have something to say? Post your comment

 

More in Malwa

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ

ਚੋਣਾਂ ਸਬੰਧੀ ਮੀਡੀਆ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ : ਡਾ ਪੱਲਵੀ

ਭਰਤ ਭਾਰਦਵਾਜ਼ ਬ੍ਰਾਹਮਣ ਸਭਾ ਯੂਥ ਵਿੰਗ ਦੇ ਪ੍ਰਧਾਨ ਬਣੇ

ਸ਼ੋ੍ਮਣੀ ਕਮੇਟੀ ਨੇ ਕਿਸਾਨ ਭਰਾਵਾਂ ਨੂੰ ਭੇਜੀ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ