Thursday, May 02, 2024

Malwa

Eid ਦਾ ਤਿਉਹਾਰ ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ :ਮੀਤ ਹੇਅਰ

April 11, 2024 06:47 PM
ਅਸ਼ਵਨੀ ਸੋਢੀ
ਮਾਲੇਰਕੋਟਲਾ 'ਚ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤੀ ਈਦ ਦੀ ਨਮਾਜ਼ ਅਦਾ
 
ਮਾਲੇਰਕੋਟਲਾ :  ਇੱਥੋਂ ਦੀ ਵੱਡੀ ਈਦਗਾਹ ਵਿਚ ਸਥਾਨਕ ਅਤੇ ਆਲੇ ਦੁਆਲੇ ਦੇ ਖੇਤਰਾਂ 'ਚ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਓਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਮਸਜਿਦਾਂ, ਈਦਗਾਹਾਂ ਅੰਦਰ ਹਜ਼ਾਰਾਂ ਮੁਸਲਮਾਨਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਮੁੱਖ ਸਮਾਗਮ ਏਸ਼ੀਆ ਦੀ ਸਭ ਤੋਂ ਸੁੰਦਰ ਤੇ ਵੱਡੀ ਈਦਗਾਹ ਮਾਲੇਰਕੋਟਲਾ ਵਿਖੇ ਮਨਾਇਆ ਗਿਆ। ਜਿੱਥੇ ਮੁਫਤੀ ਏ ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਵੱਲੋਂ ਈਦ ਦੀ ਨਮਾਜ਼ ਅਦਾ ਕਰਵਾਈ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਈਦ ਦਾ ਦਿਨ ਅੱਲਾਹ ਦੇ ਵੱਲੋਂ ਰੋਜਾ ਰੱਖਣ ਵਾਲੀਆਂ ਲਈ ਇਨਾਮ ਦਾ ਦਿਨ ਹੈ, ਉਨ੍ਹਾਂ ਕਿਹਾ ਕਿ ਰਮਜਾਨ ਉਲ ਮੁਬਾਰਕ 'ਚ ਮਨੁੱਖ ਨੂੰ ਨੇਕੀ ਕਰਨ ਦੀ ਆਦਤ ਪੈ ਜਾਂਦੀ ਹੈ ਜੋ ਕਿ ਸਾਰਾ ਸਾਲ ਸਮਾਜ 'ਚ ਚੰਗਿਆਈ ਫੈਲਾਉਣ 'ਚ ਮਦਦ ਕਰਦੀ ਹੈ।
 
 
 
ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਕਿਹਾ ਈਦ ਦਾ ਦਿਨ ਗਿਲੇ-ਸ਼ਿਕਵੇ ਦੂਰ ਕਰਕੇ ਇਕ ਦੂਜੇ ਨਾਲ ਗਲੇ ਮਿਲਣ ਦਾ ਦਿਨ ਹੈ, ਈਦ ਰੰਜਿਸ਼ਾਂ ਨੂੰ ਖਤਮ ਕਰਕੇ ਮੁਹੱਬਤ ਦਾ ਸੁਨੇਹਾ ਦਿੰਦੀ ਹੈ।ਸਥਾਨਕ ਵੱਡੀ ਈਦਗਾਹ ਵਿਖੇ ਮੁਸਲਿਮ ਭਾਈਚਾਰੇ ਨੂੰ ਪੰਜਾਬ ਸਰਕਾਰ ਦੀ ਤਰਫੋਂ ਵਿਸ਼ੇਸ਼ ਤੌਰ 'ਤੇ ਈਦ ਦੀ ਮੁਬਾਰਕਬਾਦ ਦੇਣ ਲਈ ਪੰਜਾਬ ਦੇ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਮਾਤਾ ਸ਼੍ਰੀਮਤੀ ਹਰਪਾਲ ਕੌਰ ਅਤੇ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਈਦਗਾਹ ਦੀ ਫਸੀਲ ਤੋਂ ਪੰਜਾਬ ਦੇ ਖੇਡ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਈਦਗਾਹ ਵਿਖੇ ਇਕੱਠੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਵੱਲੋਂ, ਪੰਜਾਬ ਸਰਕਾਰ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਈਦ ਉਲ ਫਿਤਰ ਦੀ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਈਦ ਉਲ ਫਿਤਰ ਦਾ ਪਵਿੱਤਰ ਤਿਉਹਾਰ ਜਿਥੇ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਉਥੇ ਇਹ ਪਵਿੱਤਰ ਤਿਉਹਾਰ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਦਾ ਅਹਿਸਾਸ ਵੀ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਮੁਬਾਰਕ ਦਿੰਦਾ ਆ ਰਿਹਾ ਹਾਂ, ਅੱਜ ਹੱਕ ਅਤੇ ਸੱਚ ਦੀ ਧਰਤੀ ਮਾਲੇਰਕੋਟਲਾ ਤੇ ਆ ਕੇ ਮੁਸਲਮਾਨ ਭਾਈਚਾਰੇ ਦੇ ਹਜ਼ਾਰਾਂ ਹੀ ਲੋਕਾਂ ਨੂੰ ਮੁਬਾਰਕਬਾਦ ਪੇਸ਼ ਕਰਨ ਦਾ ਜੋ ਮੌਕਾ ਮੈਨੂੰ ਮਿਲਿਆ ਹੈ ਉਹ ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ।
 
 
ਇਸ ਤਿਉਹਾਰ ਨੂੰ ਮਿੱਠੀ ਈਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਇੱਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ਮਨਾਇਆ ਜਾਂਦਾ ਹੈ। ਦਰਅਸਲ ਇਹ ਤਿਉਹਾਰ ਗਰੀਬ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਮੈਨੂੰ ਸਥਾਨਕ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਰੋਜ਼ਾ ਅਫਤਾਰੀ ਦੇ ਸਮਾਗਮ 'ਚ ਬੁਲਾਇਆ ਸੀ, ਜਿਸ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਭਾਰੀ ਗਿਣਤੀ 'ਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਹੀ ਆਪਸ 'ਚ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਦੇਸ਼ ਵਾਸੀਆਂ 'ਚ ਕੌਮੀ ਏਕਤਾ ਦੀ ਭਾਵਨਾ ਮਜਬੂਤ ਹੋ ਸਕੇ। ਦੇਸ਼ ਦੀ ਆਜ਼ਾਦੀ ਦੇ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਲਾਲਾ ਲਾਜਪਤ ਰਾਏ, ਅਸ਼ਫਾਕ ਉੱਲਾਹ ਨੇ ਆਜ਼ਾਦੀ ਤੋਂ ਬਾਅਦ ਜਿਹੜੇ ਭਾਰਤ ਦੀ ਕਲਪਨਾ ਕੀਤੀ ਸੀ, ਮਾਲੇਰਕੋਟਲਾ ਸ਼ਹਿਰ ਉਸ ਕਲਪਨਾ ਦੀ ਮਿਸਾਲ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਜੀਵਨ 'ਚ ਆਪਣੇ ਰਾਜਨੀਤਿਕ ਵਿਰੋਧੀਆਂ ਦੀ ਕਦੀ ਨਿੰਦਾ ਨਹੀਂ ਕੀਤੀ ਬਲਕਿ ਪੰਜਾਬ ਦੀ ਤਰੱਕੀ ਹੀ ਮੇਰਾ ਮੁੱਖ ਏਜੰਡਾ ਰਿਹਾ ਹੈ। ਮਾਲੇਰਕੋਟਲਾ ਸ਼ਹਿਰ ਦੀ ਤਰੱਕੀ ਦੇ ਲਈ ਮੈਂ ਹਮੇਸ਼ਾਂ ਯਤਨਸ਼ੀਲ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ 'ਚ ਵੀ ਮਾਲੇਰਕੋਟਲਾ ਦੀ ਹਰ ਪੱਖ ਤੋਂ ਤਰੱਕੀ ਦੇ ਲਈ ਆਪਣੇ ਯਤਨ ਜਾਰੀ ਰੱਖਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਇਹ ਇੱਛਾ ਸੀ ਕਿ ਉਹ ਮਾਲੇਰਕੋਟਲਾ ਸ਼ਹਿਰ 'ਚ ਈਦਗਾਹ ਵਿਖੇ ਆ ਕੇ ਖੁਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਉਲ ਫਿਤਰ ਦੀ ਮੁਬਾਰਕਬਾਦ ਪੇਸ਼ ਕਰਦੇ ਪਰ ਦੇਸ਼ ਦੇ ਰਾਜਨੀਤਿਕ ਹਾਲਾਤਾਂ ਦੇ ਕਾਰਨ ਉਹ ਮਾਲੇਰਕੋਟਲਾ ਨਹੀਂ ਪਹੁੰਚ ਸਕੇ। ਉਹਨਾਂ ਦਾ ਪਿਆਰ ਭਰਿਆ ਮੁਬਾਰਕਬਾਦ ਦਾ ਸੁਨੇਹਾ ਲੈ ਕੇ ਉਨ੍ਹਾਂ ਦੇ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਸਾਡੇ 'ਚ ਹਾਜ਼ਰ ਹੋਏ ਹਨ। ਸ਼੍ਰੀ ਮੀਤ ਹੇਅਰ ਨੇ ਮਾਲੇਰਕੋਟਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦਾ ਕੰਮ ਜਲਦ ਹੀ ਸ਼ੁਰੂ ਹੋਣ ਦਾ ਵਿਸ਼ਵਾਸ ਦਿਲਾਇਆ।
 
 
ਸਰਦਾਰ ਭਗਵੰਤ ਸਿੰਘ ਮਾਨ ਦੇ ਮਾਤਾ ਸ਼੍ਰੀਮਤੀ ਹਰਪਾਲ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਮਾਲੇਰਕੋਟਲਾ ਵਿਖੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਮਾਲੇਰਕੋਟਲਾ ਸ਼ਹਿਰ ਦੀ ਤਰੱਕੀ ਦੇ ਲਈ ਪ੍ਰਾਰਥਨਾ ਕੀਤੀ।ਇਸ ਤੋਂ ਪਹਿਲਾਂ ਹਲਕਾ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਰਮਜ਼ਾਨ ਸ਼ਰੀਫ ਦੇ ਪਵਿੱਤਰ ਮਹੀਨੇ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਆਪਸੀ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਰਮਜਾਨ ਉਲ ਮੁਬਾਰਕ ਦਾ ਪਵਿੱਤਰ ਮਹੀਨਾ ਨੈਤਿਕ ਅਤੇ ਰੂਹਾਨੀ ਸਿੱਖਿਆਵਾਂ ਦਾ ਮਹੀਨਾ ਹੈ। ਜੁਲਮ ਅਤੇ ਨਫਰਤ ਨਾਲ ਇਸਲਾਮ ਦਾ ਕੋਈ ਰਿਸ਼ਤਾ ਨਹੀਂ। ਉਨ੍ਹਾਂ ਮਜਲੂਮ ਅਤੇ ਮਾਸੂਮ ਫਲਸਤੀਨੀ ਲੋਕਾਂ ਤੇ ਢਾਹੇ ਜਾ ਰਹੇ ਜ਼ੁਲਮ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਸਾਰੇ ਧਰਮਾਂ ਦਾ ਸਾਂਝਾ ਖੂਬਸੂਰਤ ਗੁਲਦਸਤਾ ਹੈ ਇੱਥੇ ਰਹਿਣ ਵਾਲੇ ਵੱਖ ਵੱਖ ਧਰਮਾਂ ਦੇ ਲੋਕ ਸਾਰੀ ਦੁਨੀਆਂ ਨੂੰ ਆਪਸੀ ਪਿਆਰ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਸ਼ਰੀਕੇ ਹਯਾਤ ਮੈਡਮ ਫਰਿਆਲ ਰਹਿਮਾਨ, ਪੰਜਾਬ ਜੇਨਕੋ ਲਿਮਟਿਡ ਦੇ ਚੇਅਰਮੈਨ ਨਵਜੋਤ ਸਿੰਘ ਜਰਗ, ਵਿਧਾਇਕ ਦੇ ਭਰਾ ਅਬਦੁਲ ਲਤੀਫ ਪੱਪੂ, ਅਬਦੁਲ ਹਲੀਮ ਐਮ.ਡੀ ਮਿਲਕੋਵੈਲ, ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਂਸਲਰ ਮੁਹੰਮਦ ਨਜ਼ੀਰ, ਅਸ਼ਰਫ ਅਬਦੁੱਲਾ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਜਾਫਰ ਅਲੀ, ਪੀ.ਏ ਗੁਰਮੁਖ ਸਿੰਘ ਖਾਨਪੁਰ, ਐਨ.ਐਮ.ਸੀ ਦੇ ਸੂਬਾ ਪ੍ਰਧਾਨ ਜ਼ਹਰ ਅਹਿਮਦ ਚੌਹਾਨ, ਅਬਦੁਲ ਸ਼ਕੂਰ ਕਿਲ੍ਹਾ ਆਦਿ ਵੀ ਹਾਜ਼ਰ ਸਨ।
 
 

Have something to say? Post your comment

 

More in Malwa

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ

ਚੋਣਾਂ ਸਬੰਧੀ ਮੀਡੀਆ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ : ਡਾ ਪੱਲਵੀ

ਭਰਤ ਭਾਰਦਵਾਜ਼ ਬ੍ਰਾਹਮਣ ਸਭਾ ਯੂਥ ਵਿੰਗ ਦੇ ਪ੍ਰਧਾਨ ਬਣੇ

ਸ਼ੋ੍ਮਣੀ ਕਮੇਟੀ ਨੇ ਕਿਸਾਨ ਭਰਾਵਾਂ ਨੂੰ ਭੇਜੀ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ

SRS Vidyapith ਨੇ ਨਰਸਰੀ ਦੇ ਬੱਚਿਆਂ ਨੂੰ ਕਰਵਾਇਆ ਫਾਰਮ ਹਾਊਸ ਦਾ ਦੌਰਾ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 260763 ਮੀਟਰਕ ਟਨ ਕਣਕ ਦੀ ਹੋਈ ਆਮਦ : ਡਿਪਟੀ ਕਮਿਸ਼ਨਰ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿੱਚ ਕੀਤਾ ਗਿਆ ਵਾਧਾ : ਜ਼ਿਲ੍ਹਾ ਚੋਣ ਅਫਸਰ

ਪਟਿਆਲਾ ਨੇੜੇ ਵਿਆਹ ਕਰਵਾਉਣ ਲਈ 20 ਹਜ਼ਾਰ ਚ ਖਰੀਦੀ ਲੜਕੀ