Monday, May 20, 2024

Malwa

'ਐਰਾ ਆਫ਼ ਮਲਟੀਡਿਪਿਲਨਰੀ ਰਿਸਰਚ’ ਵਿਸ਼ੇ ਉੱਤੇ ਭਾਸ਼ਣ ਲੜੀ ਸ਼ੁਰੂ

April 03, 2024 05:07 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਸਾਇੰਸ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਇਸ ਨੂੰ ਨਿਖਾਰਨ ਲਈ ਵਿਗਿਆਨੀਆਂ ਨਾਲ ਲਗਾਤਾਰ ਸੰਪਰਕ ਰੱਖਣ ਦੀ ਸਲਾਹ ਦਿੱਤੀ ਹੈ। ਅੱਜ ਪੰਜਾਬੀ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ‘21 ਸੈਂਚੁਰੀ: ਐਨ ਐਰਾ ਆਫ਼ ਮਲਟੀਡਿਪਿਲਨਰੀ ਰਿਸਰਚ’ ਵਿਸ਼ੇ ਉੱਤੇ ਭਾਸ਼ਣ ਵਰਕਸ਼ਾਪ ਦੇ ਉਦਘਾਟਨੀ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਦਾ ਉੱਘੇ ਵਿਗਿਆਨੀਆਂ ਨਾਲ ਸੰਪਰਕ ਪੈਦਾ ਕਰਨ ਲਈ ਪਿਛਲੇ ਸਮੇਂ ਤੋਂ ਇਹ ਭਾਸ਼ਣ ਲੜੀ ਆਰੰਭੀ ਗਈ ਹੈ ਤਾਂ ਜੋ ਵਿਦਿਆਰਥੀ ਇਨ੍ਹਾਂ ਵਿਗਿਆਨੀਆਂ ਤੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸੇਧ ਲੈ ਸਕਣ ਦੇ ਨਾਲ-ਨਾਲ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰ ਸਕਣ। ਉਨ੍ਹਾਂ ਕਿਹਾ ਕਿ ਆਪੋ ਆਪਣੇ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਗਿਆਨੀਆਂ ਨਾਲ ਮਿਲ ਕੇ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਵਧੀਆ ਕੰਮ ਕਰਨ ਵਾਸਤੇ ਪ੍ਰੇਰਨਾ ਮਿਲਦੀ ਹੈ।
 
 
ਵਰਕਸ਼ਾਪ ਦੇ ਵਿਸ਼ੇ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਿਆਨ ਹਮੇਸ਼ਾ ਬਹੁ-ਅਨੁਸ਼ਾਸਨੀ ਖੋਜਾਂ ਅਤੇ ਅਧਿਐਨਾਂ ਨਾਲ ਹੀ ਸੰਭਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਿਆਨ ਦੇ ਖੇਤਰ ਵਿੱਚ ਵੱਖ-ਵੱਖ ਅਨੁਸ਼ਾਸਨਾਂ ਦੇ ਗਿਆਨ ਨਾਲ ਹੀ ਨਵੀਂਆਂ ਉਚਾਈਆਂ ਨੂੰ ਛੂਹਿਆ ਜਾ ਸਕਦਾ ਹੈ ਅਤੇ ਮਲਟੀਡਿਪਿਲਨਰੀ ਰਿਸਰਚ ਨਾਲ ਵਧੀਆ ਨਤੀਜੇ ਕੱਢੇ ਜਾ ਸਕਦੇ ਹਨ। ਇਹ ਤਿੰਨ ਦਿਨਾਂ ਵਰਕਸ਼ਾਪ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼, ਅਲਾਹਬਾਦ, ਇੰਡੀਅਨ ਅਕੈਡਮੀ ਆਫ਼ ਸਾਇੰਸਜ਼, ਬੰਗਲੌਰ ਅਤੇ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਜਿਸ ਵਿੱਚ ਦੇਸ਼ ਭਰ ਦੇ ਉਘੇ ਸਾਇੰਸਦਾਨ ਆਪਣਾ ਭਾਸ਼ਣ ਦੇਣਗੇ। ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੀ. ਐੱਸ.ਆਈ.ਆਰ., ਨਵੀਂ ਦਿੱਲੀ ਦੇ ਡਾ. ਗਿਰੀਸ਼ ਸਾਹਨੀ ਨੇ ਬਹੁ-ਅਨੁਸ਼ਾਸਨੀ ਖੋਜ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਵੇਂ ਸਫ਼ੇਦ ਚਾਨਣ ਸੱਤ ਰੰਗਾਂ ਤੋਂ ਬਣਿਆ ਹੁੰਦਾ ਹੈ, ਉਸੇ ਤਰ੍ਹਾਂ ਕਿਸੇ ਵੀ ਗਿਆਨ ਦੇ ਨਿਰਮਾਣ ਪਿੱਛੇ ਖੋਜ ਅਤੇ ਅਧਿਐਨ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਰਹੇ ਹੁੰਦੇ ਹਨ।
 
 
ਉਨ੍ਹਾਂ ਕਿਹਾ ਕਿ ਸਿਰਫ਼ ਇੱਕੋ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਪੈਦਾ ਕਰ ਕੇ ਸਫਲ ਨਹੀਂ ਹੋਇਆ ਜਾ ਸਕਦਾ ਬਲਕਿ ਵੱਖ-ਵੱਖ ਖੇਤਰਾਂ ਵਿੱਚ ਦਿਲਚਸਪੀ ਲੈਣਾ ਵੀ ਅਹਿਮ ਹੈ। ਵੱਖ-ਵੱਖ ਖੇਤਰਾਂ ਵਿੱਚ ਹੋਈਆਂ ਤਰੱਕੀਆਂ ਅਤੇ ਖੋਜਾਂ ਦੇ ਇਤਿਹਾਸ ਸੰਬੰਧੀ ਉਦਾਹਰਣਾਂ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਵੱਖ-ਵੱਖ ਗਿਆਨ ਖੇਤਰਾਂ ਦੇ ਲੋਕ ਬਹੁ-ਅਨੁਸ਼ਾਸਨੀ ਪਹੁੰਚ ਨਾਲ ਇੱਕ ਦੂਜੇ ਦੇ ਪੂਰਕ ਬਣਦੇ ਹਨ ਤਦ ਹੀ ਵੱਡੇ ਪੱਧਰ ਉੱਤੇ ਸਫਲਤਾ ਸੰਭਵ ਹੁੰਦੀ ਹੈ। ਉਨ੍ਹਾਂ ਪ੍ਰਸਿੱਧ ਵਿਗਿਆਨੀ ਆਈਨਸਟੀਨ ਦੇ ਉਦਾਹਰਣ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇੱਕੋ ਖੇਤਰ ਵੱਲ ਕੇਂਦਰਿਤ ਸਮਝੇ ਜਾਣ ਵਾਲੀ ਉਸ ਮਹਾਨ ਸ਼ਖ਼ਸੀਅਤ ਦੀ ਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਰੁਚੀ ਸੀ। ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿੱਚ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਬਹਿਰਾਮਪੁਰ (ਉੜੀਸਾ) ਦੇ ਡਾਇਰੈਕਟਰ ਪ੍ਰੋ. ਏ. ਕੇ. ਗਾਂਗੁਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਡੀਨ ਅਤੇ ਪ੍ਰੋਫ਼ੈਸਰ ਐਮੀਰਟਸ ਪ੍ਰੋ. ਕੇ. ਕੇ. ਭਸੀਨ ਨੇ ਸ਼ਿਰਕਤ ਕੀਤੀ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਅਨੂਪ ਠਾਕਰ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਸ ਵਰਕਸ਼ਾਪ ਵਿੱਚ 150 ਰਜਿਸਟਰਡ ਪ੍ਰਤੀਭਾਗੀ ਹਿੱਸਾ ਲੈ ਰਹੇ ਹਨ। ਉਦਘਾਟਨੀ ਸੈਸ਼ਨ ਦਾ ਸੰਚਾਲਨ ਪ੍ਰੋ. ਕਰਮਜੀਤ ਸਿੰਘ ਧਾਲੀਵਾਲ ਨੇ ਕੀਤਾ। ਧੰਨਵਾਦੀ ਸ਼ਬਦ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਸੰਜੀਵ ਪੁਰੀ ਨੇ ਬੋਲੇ।

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ