Saturday, May 18, 2024

International

ਪੰਜਾਬਣ ਦਾ ਕੈਨੇਡਾ ‘ਚ ਕਤਲ, ਪਤੀ ਨੇ ਉਤਾਰਿਆ ਮੌਤ ਦੇ ਘਾਟ

March 19, 2024 04:28 PM
SehajTimes

ਪੰਜਾਬ ਤੋਂ ਕੈਨੇਡਾ ਗਏ ਇੱਕ ਬੰਦੇ ਨੇ ਆਪਣੀ ਪਤਨੀ ਨੂੰ ਉਥੇ ਮਾਰ ਮੁਕਾਇਆ। ਕੈਨੇਡਾ ਰਹਿੰਦੀ ਧੀ ਨੇ ਆਪਣੇ ਪਿਤਾ ਨੂੰ ਮਿਲਣ ਲਈ ਬੁਲਾਇਆ ਸੀ ਪਰ ਕੈਨੇਡਾ ਪਹੁੰਚਣ ਤੋਂ ਪੰਜ ਦਿਨ ਬਾਅਦ ਹੀ ਪਿਤਾ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਵਾਸੀ ਪਿੰਡ ਮੱਲਾ ਵਜੋਂ ਹੋਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਵੀਡੀਓ ਬਣਾ ਕੇ ਲੁਧਿਆਣਾ ਰਹਿੰਦੀ ਆਪਣੀ ਮਾਂ ਨੂੰ ਭੇਜ ਦਿੱਤੀ। ਕੈਨੇਡੀਅਨ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਜਗਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਪੱਖੋਵਾਲ ਰੋਡ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਬਲਵਿੰਦਰ ਕੌਰ (41) ਦਾ ਵਿਆਹ ਜਗਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਪੱਖੋਵਾਲ ਰੋਡ, ਲੁਧਿਆਣਾ ਨਾਲ ਸਾਲ 2000 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਦੀ ਕੁੜੀ ਨੂੰ ਦਾਜ ਲਈ ਬਹੁਤ ਤੰਗ ਕਰਦੇ ਸਨ। ਜੇ ਕਾਰਵਾਈ ਕੀਤੀ ਜਾਂਦੀ ਤਾਂ ਬਾਕੀ ਧੀਆਂ ਦੀ ਜ਼ਿੰਦਗੀ ਦਾਅ ‘ਤੇ ਲੱਗ ਜਾਣੀ ਸੀ। ਇਸੇ ਲਈ ਉਹ ਚੁੱਪਚਾਪ ਸਹਿੰਦੇ ਰਹੇ। ਉਸ ਨੇ ਦੱਸਿਆ ਕਿ ਉਸ ਦੀ ਧੀ ਦੇ ਦੋ ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ। ਹਰਨੂਰਪ੍ਰੀਤ ਕੌਰ ਨੂੰ 2020 ਵਿੱਚ ਆਈਲੈਟਸ ਕਰਨ ਤੋਂ ਬਾਅਦ ਕੈਨੇਡਾ ਵਿੱਚ ਪੜ੍ਹਨ ਲਈ ਭੇਜਿਆ ਗਿਆ ਸੀ। ਜਨਵਰੀ 2022 ਵਿੱਚ ਬਲਵਿੰਦਰ ਕੌਰ ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ। ਉਸ ਦਾ ਜਵਾਈ ਇਸ ਗੱਲ ਨੂੰ ਲੈ ਕੇ ਵੀ ਝਗੜਾ ਕਰਦਾ ਰਹਿੰਦਾ ਸੀ ਕਿ ਉਸ ਨੂੰ ਕੈਨੇਡਾ ਕਿਉਂ ਨਹੀਂ ਬੁਲਾਇਆ ਗਿਆ। ਜਗਪ੍ਰੀਤ ਸਿੰਘ ਨੇ ਆਪਣੀ ਧੀ ਨੂੰ ਵਾਰ-ਵਾਰ ਫੋਨ ਕਰਕੇ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕੀਤੀ। ਜ਼ਿਦ ਦੇ ਸਾਹਮਣੇ ਬੇਵੱਸ ਹਰਨੂਰਪ੍ਰੀਤ ਕੌਰ ਨੇ ਆਪਣੇ ਪਿਤਾ ਨੂੰ ਵੀ ਕਾਗਜ਼ ਭੇਜੇ। ਦੋਸ਼ੀ ਇੱਕ ਹਫ਼ਤਾ ਪਹਿਲਾਂ 11 ਮਾਰਚ ਨੂੰ ਕੈਨੇਡਾ ਪਹੁੰਚਿਆ ਸੀ। ਕੈਨੇਡਾ ਪਹੁੰਚਣ ਤੋਂ ਪੰਜ ਦਿਨ ਬਾਅਦ ਉਸ ਨੇ ਆਪਣੀ ਪਤਨੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਜਗਪ੍ਰੀਤ ਸਿੰਘ ਨੇ ਇਸ ਦੌਰਾਨ ਇੱਕ ਵੀਡੀਓ ਵੀ ਬਣਾ ਕੇ ਲੁਧਿਆਣਾ ਵਿੱਚ ਰਹਿੰਦੀ ਆਪਣੀ ਮਾਂ ਨੂੰ ਭੇਜ ਦਿੱਤੀ। ਜਦੋਂ ਉਸ ਦੇ ਭਰਾ ਗੁਰਨੂਰ ਸਿੰਘ (18) ਨੇ ਇਹ ਵੀਡੀਓ ਆਪਣੀ ਦਾਦੀ ਦੇ ਮੋਬਾਈਲ ’ਤੇ ਦੇਖੀ ਤਾਂ ਉਹ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਸ ਨੇ ਇਸ ਘਟਨਾ ਬਾਰੇ ਆਪਣੇ ਨਾਨਕੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਮ੍ਰਿਤਕਾ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਦੇ ਕਾਤਲ ਜਗਪ੍ਰੀਤ ਸਿੰਘ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਧੀ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

Have something to say? Post your comment