Sunday, May 19, 2024

Articles

ਜਰੂਰੀ ਹੈ

December 16, 2023 11:42 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਮਨੁੱਖ ਦਾ ਅਕਸਰ ਇਹ ਚੰਗਾ ਗੁਣ ਅਤੇ ਸੁਭਾਅ ਰਿਹਾ ਹੈ ਕਿ ਉਹ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਦਾ , ਕਰਦਾ ਤੇ ਸਮਝਦਾ ਰਹਿੰਦਾ ਹੈ। ਮੈਂ ਵੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਗੱਲ - ਗਿਆਨ ਆਪਣੇ ਆਲੇ - ਦੁਆਲੇ , ਵੱਡੇ - ਵਡੇਰਿਆਂ , ਬਜ਼ੁਰਗਾਂ , ਵਿਦਵਾਨਾਂ ਜਾਂ ਫੱਕਰਾਂ - ਫਕੀਰਾਂ , ਸਾਧੂ - ਸੰਤਾਂ ਤੋਂ ਜਿੱਥੋਂ ਤੱਕ ਸੰਭਵ ਹੋ ਸਕੇ ਗਿਆਨ ਹਾਸਿਲ ਕਰਦਾ ਰਹਿੰਦਾ ਹਾਂ ; ਕਿਉਂਕਿ ਕਹਿੰਦੇ ਹਨ ਕਿ ਗਿਆਨ ਵਿੱਚ ਹੀ ਸ਼ਕਤੀ ਹੈ ਅਤੇ ਇਹ ਹੈ ਵੀ ਬਹੁਤ ਸੱਚੀ ਤੇ ਪਰਪੱਕ ਜਿਹੀ ਗੱਲ। ਅਕਸਰ ਮੈਂ ਆਉਂਦੇ - ਜਾਂਦੇ ਆਪਣੇ ਨਜ਼ਦੀਕ ਦੇ ਧਾਰਮਿਕ ਸਥਾਨਾਂ 'ਤੇ ਆਪਣੇ ਮਨ ਦੀ ਪ੍ਰਵਿਰਤੀ , ਮਨ ਦੀ ਸ਼ਾਂਤੀ , ਮਨ ਦੀ ਸੰਤੁਸ਼ਟੀ ਜਾਂ ਕਹਿ ਲਵੋ ਪਰਮਾਤਮਾ ਨਾਲ ਪਿਆਰ ਦੀ ਭਾਵਨਾ , ਲਗਨ ਤੇ ਵਿਸ਼ਵਾਸ ਕਰਕੇ ਵੱਖ - ਵੱਖ ਧਾਰਮਿਕ ਸਥਾਨਾਂ 'ਤੇ ਆਉਂਦਾ - ਜਾਂਦਾ ਰਹਿੰਦਾ ਹਾਂ , ਪਤਾ ਨਹੀਂ ਕਿਉਂ ? ਪਰ ਕਈ ਵਾਰ ਮੇਰੇ ਮਿੱਤਰਾਂ - ਦੋਸਤਾਂ ਨੇ ਵੀ ਇਸ ਤੇ ਹਲਕੀ - ਫੁਲਕੀ ਜਿਹੀ ਟਿੱਪਣੀ ਵੀ ਕੀਤੀ ਕਿ "  ਇਸ ਤਰ੍ਹਾਂ ਧਾਰਮਿਕ ਸਥਾਨਾਂ 'ਤੇ ਰੋਜ਼ਾਨਾ ਜਾਣ ਦਾ ਕੀ ਫਾਇਦਾ ਜਾਂ ਉੱਥੇ ਜਾਣਾ ਨਾਲ ਕੀ ਪ੍ਰਾਪਤ ਹੋ ਸਕਦਾ ਹੈ ? ਪਰਮਾਤਮਾ ਤਾਂ ਹਰ ਥਾਂ ਹੈ। " ਭਾਵੇਂ ਕਿ ਇਹ ਗੱਲ ਮੈਂ ਵੀ ਜਾਣਦਾ ਹਾਂ ਕਿ ਪਰਮਾਤਮਾ ਤਾਂ ਹਰ ਥਾਂ ਹੈ ਤੇ ਕਿਸੇ ਵੀ ਥਾਂ ਬੈਠ ਕੇ ਭਜਨ - ਬੰਦਗੀ ਨਾਲ ਉਸ ਨੂੰ ਸਿਮਰਿਆ ਜਾ ਸਕਦਾ ਹੈ , ਪਰ ਪਤਾ ਨਹੀਂ ਫਿਰ ਵੀ ਕਿਉਂ ਆਪਣੀ ਆਤਮਾ ਦੇ ਪਰਮਾਤਮਾ ਨਾਲ ਲਗਾਓ ਕਰਕੇ ਮੈਂ ਜਦੋਂ ਵੀ ਆਪਣੇ ਰੋਜ਼ਾਨਾ ਦੇ ਕੰਮਾਂ - ਕਾਰਾਂ ਲਈ ਕਿੱਧਰੇ ਆਉਂਦਾ - ਜਾਂਦਾ ਹਾਂ ਤਾਂ ਜੋ ਵੀ ਨਜਦੀਕ ਦਾ ਧਾਰਮਿਕ ਸਥਾਨ ਹੁੰਦਾ ਹੈ , ਉੱਥੇ ਭਾਵੇਂ ਰੋਜ਼ਾਨਾ ਨਹੀਂ ਤਾਂ ਕਦੇ - ਕਦਾਈ ਜਰੂਰ ਮੱਥਾ ਟੇਕਣ ਨਤਮਸਤਕ ਹੋਣ ਦਾ ਮਨ ਬਣ ਹੀ ਜਾਂਦਾ ਹੈ ਤੇ ਮੈਂ ਉੱਥੇ ਮੱਥਾ ਟੇਕ ਵੀ ਆਉਂਦਾ ਹਾਂ। ਸਮਾਂ ਬਤੀਤ ਹੁੰਦਾ ਰਿਹਾ। ਇੱਕ ਦਿਨ ਅਚਾਨਕ ਇੱਕ ਵਿਦਵਾਨ ਮਹਾਂਪੁਰਖ ਜੀ ਨਾਲ ਇਸ ਬਾਰੇ ਵਿਚਾਰ - ਚਰਚਾ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਵਿਸ਼ੇ ਬਾਰੇ ਸੱਚਮੁੱਚ ਦੁਚਿੱਤੀ ਵਿੱਚ ਹਾਂ , ਪਰ ਮੇਰਾ ਮਨ ਫਿਰ ਵੀ ਇਹਨਾਂ ਧਾਰਮਿਕ ਸਥਾਨਾਂ 'ਤੇ ਮੈਨੂੰ ਜਾਣ ਲਈ ਕਹਿੰਦਾ ਹੀ ਰਹਿੰਦਾ ਹੈ। ਫਿਰ ਉਹਨਾਂ ਵਿਦਵਾਨਾਂ ਨੇ ਮੈਨੂੰ ਪੁੱਛਿਆ ਕਿ ਹਵਾ ਕਿੱਥੇ ਹੈ ?  ਫੇਰ ਉਹਨਾਂ ਮਹਾਂਪੁਰਖਾਂ ਨੇ ਕਿਹਾ ਕਿ ਅਸੀਂ ਆਪਣੀ ਕਾਰ , ਸਕੂਟਰ , ਮੋਟਰਸਾਈਕਲ ਜਾਂ ਸਾਈਕਲ ਵਿੱਚ ਹਵਾ ਭਰਵਾਉਣ ਲਈ ਕਿੱਥੇ ਜਾਂਦੇ ਹਾਂ ?  ਤਾਂ ਮੈਂ ਜਵਾਬ ਦਿੱਤਾ ਕਿ ਹਵਾ ਤਾਂ ਹਰ ਥਾਂ ਹੈ , ਪਰ ਅਸੀਂ ਖਾਸ ਦੁਕਾਨ 'ਤੇ ਹੀ ਵਾਹਨਾਂ ਵਿੱਚ ਹਵਾ ਭਰਵਾਉਣ ਲਈ ਜਾਂਦੇ ਹਾਂ। ਫਿਰ ਉਹ ਮੈਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਕਿ ਜਿਸ ਤਰ੍ਹਾਂ ਹਵਾ ਤਾਂ ਹਰ ਥਾਂ ਹੈ , ਪਰ ਜਿਸ ਤਰ੍ਹਾਂ ਸਕੂਟਰ , ਮੋਟਰਸਾਈਕਲ ਜਾਂ ਕਾਰ ਆਦਿ ਵਿੱਚ ਹਵਾ ਭਰਵਾਉਣ ਲਈ ਸਾਨੂੰ ਕਿਸੇ ਖਾਸ ਦੁਕਾਨ ਜਾਂ ਥਾਂ 'ਤੇ ਜਾਣ ਦੀ ਲੋੜ ਪੈਂਦੀ ਹੈ , ਉਸੇ ਤਰ੍ਹਾਂ ਪਰਮਾਤਮਾ ਤਾਂ ਹਰ ਥਾਂ ਹੈ , ਪਰ ਉਸ ਨੂੰ ਸਮਝਣ , ਉਸਦੇ ਨੇੜੇ ਹੋਣ , ਉਸ ਨੂੰ ਆਪਣੇ ਵਿੱਚ ਸਮਾਹਿਤ ਕਰਨ , ਉਸ ਨੂੰ ਯਾਦ ਕਰਨ ਤੇ ਉਸ ਦੀ ਸਕਾਰਾਤਮਕ ਊਰਜਾ ਨੂੰ ਹਾਸਲ ਕਰਨ ਲਈ ਸਾਨੂੰ ਆਪਣੇ ਨਜ਼ਦੀਕ ਜਾਂ ਦੂਰ - ਪਾਰ ਦੇ ਪਾਵਨ - ਪਵਿੱਤਰ ਧਾਰਮਿਕ ਅਸਥਾਨਾਂ 'ਤੇ ਜਾਣ ਦੀ ਜਰੂਰਤ ਪੈਂਦੀ ਹੈ। ਇਹ ਗੱਲ ਸੁਣ ਕੇ ਮੇਰੇ ਮਨ ਦੀ ਦੁਚਿੱਤੀ ਦੂਰ ਹੋ ਗਈ ਤੇ ਮੈਂ ਸਮਝ ਗਿਆ ਕਿ ਸੱਚਮੁੱਚ ਸਾਨੂੰ ਇਹਨਾਂ ਪਾਵਨ - ਪਵਿੱਤਰ ਧਾਰਮਿਕ ਅਸਥਾਨਾਂ 'ਤੇ ਜਰੂਰ ਜਾਣਾ ਚਾਹੀਦਾ ਹੈ , ਇਨ੍ਹਾਂ ਦੇ ਇਤਿਹਾਸ ਨੂੰ ਵੀ ਸਮਝਣਾ ਚਾਹੀਦਾ ਹੈ ਤੇ ਜਾਣਾ ਹੈ ਵੀ ਜਰੂਰੀ...।
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ , ਸਾਹਿਤ ਵਿੱਚ ਕੀਤੇ ਹੋਏ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 

Have something to say? Post your comment