Sunday, May 19, 2024

Articles

ਆਓ ; ਆਪਣੇ ਸ਼ੌਕ ਲਈ ਪੰਛੀਆਂ ਨੂੰ ਪਿੰਜਰਿਆਂ ਵਿੱਚ ਕੈਦ ਨਾ ਕਰੀਏ

December 08, 2023 03:25 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਦੁਨੀਆ ਵਿੱਚ ਵੱਖ - ਵੱਖ ਸੋਚ - ਵਿਚਾਰ , ਪ੍ਰਵਿਰਤੀਆਂ , ਇੱਛਾਵਾਂ ਅਤੇ ਸ਼ੌਕ ਰੱਖਣ ਵਾਲੇ ਇਨਸਾਨ ਵੱਸਦੇ ਹਨ। ਹਰ ਇਨਸਾਨ ਦਾ ਸ਼ੌਕ ਵੱਖਰਾ ਹੁੰਦਾ ਹੈ ਤੇ ਸ਼ੌਂਕ ਪੂਰਾ ਕਰਨ ਦੇ ਲਈ ਉਹ ਕਈ ਵਾਰ ਕੁਝ ਵੀ ਕੀਮਤ ਅਦਾ ਕਰਨ ਨੂੰ ਤਿਆਰ ਵੀ ਹੋ ਜਾਂਦਾ ਹੈ। ਪਰ ਸ਼ੌਕ ਅਜਿਹਾ ਹੋਣਾ ਚਾਹੀਦਾ ਹੈ ਜੋ ਸੰਸਾਰ ਦੇ ਕਿਸੇ ਜੀਵ - ਪ੍ਰਾਣੀ ਨੂੰ ਨੁਕਸਾਨ ਨਾ ਪਹੁੰਚਾਵੇ , ਕਿਸੇ ਦਾ ਅਹਿੱਤ ਨਾ ਕਰੇ , ਕਿਸੇ ਦੀ ਆਤਮਾ ਨੂੰ ਠੇਸ ਨਾ ਪਹੁੰਚਾਵੇ , ਕਿਸੇ ਨੂੰ ਦੁੱਖ ਨਾ ਪਹੁੰਚਾਵੇ ਜਾਂ ਕਿਸੇ ਨੂੰ ਸਰੀਰਿਕ ਕਸ਼ਟ ਨਾ ਪਹੁੰਚਾਵੇ। ਕਈ ਵਾਰ ਅਸੀਂ ਆਪਣੇ ਸ਼ੌਕ ਦੀ ਪੂਰਤੀ ਲਈ ਜਾਣੇ - ਅਣਜਾਣੇ ਵਿੱਚ ਅਜਿਹੀ ਭੁੱਲ ਕਰ ਬੈਠਦੇ ਹਾਂ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਆਪਣੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਕਈ ਤਰ੍ਹਾਂ ਦੇ ਕੁਦਰਤ ਦੇ ਪੰਛੀ - ਪਰਿੰਦਿਆਂ ਜਿਵੇਂ : ਚਿੜੀਆਂ , ਹੰਸ , ਅਫਰੀਕਨ ਚਿੜੀਆਂ , ਤੋਤੇ ਜਾਂ ਹੋਰ ਸੋਹਣੇ ਪੰਛੀਆਂ ਨੂੰ ਪਿੰਜਰਿਆਂ ਵਿੱਚ ਬੰਦ ਕਰਕੇ ਆਪਣੇ ਘਰਾਂ , ਕੋਠੀਆਂ ਤੇ ਮਹਿਲ - ਮੁਨਾਰਿਆਂ ਵਿੱਚ ਕੈਦ ਕਰਕੇ ਰੱਖ ਲੈਂਦੇ ਹਾਂ। ਇਹ ਕੈਦ ਕੀਤੇ ਹੋਏ ਪੰਛੀ - ਪਰਿੰਦੇ ਦੇਖਣ ਨੂੰ ਸ਼ਾਇਦ ਸਾਨੂੰ , ਸਾਡੇ ਬੱਚਿਆਂ ਨੂੰ ਜਾਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੇ ਲੱਗਦੇ ਹਨ , ਪਰ ਅਸਲ ਵਿੱਚ ਇਹ ਇੱਕ ਤਰ੍ਹਾਂ ਦਾ ਪਾਪ ਹੈ ਅਤੇ ਸ਼ਾਇਦ ਕੁਦਰਤ ਤੇ ਵਾਤਾਵਰਨ ਨਾਲ ਖਿਲਵਾੜ ਹੈ। ਕੁਦਰਤ ਨੇ ਇਹਨਾਂ ਪੰਛੀਆਂ - ਪਰਿੰਦਿਆਂ ਨੂੰ ਖੁੱਲੀ ਹਵਾ ਤੇ ਖੁੱਲੇ ਵਾਤਾਵਰਨ ਵਿੱਚ ਵਿਚਰਨ ਤੇ ਰਹਿਣ - ਸਹਿਣ ਲਈ ਬਣਾਇਆ ਹੈ ਤੇ ਇਹਨਾਂ ਦਾ ਜਿਹਾ ਕੁਦਰਤ ਨੇ ਪ੍ਰਬੰਧ ਕੀਤਾ ਹੈ। ਜਦੋਂ ਇਹ ਪੰਛੀ - ਪਰਿੰਦੇ ਖੁੱਲੇ ਵਾਤਾਵਰਣ , ਖੁੱਲੀ ਹਵਾ ਅਤੇ ਖੁੱਲੇ ਰਹਿਣ - ਸਹਿਣ ਤੋਂ ਅਭਿੱਜ ਹੋ ਕੇ ਪਿੰਜਰੇ ਵਿੱਚ ਕੈਦ ਹੋ ਜਾਂਦੇ ਹਨ ਤਾਂ ਉਹਨਾਂ ਦਾ ਜੋ ਕੁਦਰਤੀ ਤੌਰ 'ਤੇ ਵਿਕਾਸ ਹੋਣਾ ਹੁੰਦਾ ਹੈ ਉਹ ਵੀ ਰੁਕ ਜਾਂਦਾ ਹੈ ਅਤੇ ਕਈ ਪਹਿਲੂਆਂ ਤੋਂ ਕੁਦਰਤੀ ਸੰਤੁਲਨ ਨਾਲ ਖਿਲਵਾੜ ਹੋ ਕੇ ਉਸ 'ਤੇ ਵੀ ਕਿਤੇ ਨਾ ਕਿਤੇ ਮਾੜਾ ਅਸਰ ਪੈਂਦਾ ਹੈ ਅਤੇ ਕਿਸੇ ਪੰਛੀ - ਪਰਿੰਦੇ ਨੂੰ ਕੈਦ ਕਰਨਾ ਵੀ ਇੱਕ ਗੁਨਾਹ ਹੀ ਹੈ। ਸੋ ਅਸੀਂ ਆਪਣੇ ਸ਼ੌਂਕ ਜਰੂਰ ਪੂਰੇ ਕਰੀਏ , ਕਰਨੇ ਵੀ ਚਾਹੀਦੇ ਹਨ ; ਪਰੰਤੂ ਆਪਣੇ ਸ਼ੌਂਕ ਕਿਸੇ ਨੂੰ ਨੁਕਸਾਨ ਪਹੁੰਚਾਏ ਤੋਂ ਬਿਨ੍ਹਾਂ , ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਤੋਂ ਬਿਨ੍ਹਾਂ , ਕਿਸੇ ਦੀ ਹੱਤਿਆ ਕੀਤੇ ਬਿਨਾਂ ਜਾਂ ਕਿਸੇ ਦਾ ਨੁਕਸਾਨ ਕੀਤੇ ਬਿਨਾਂ ਜੇਕਰ  ਆਪਣੇ ਸ਼ੌਕ ਪੂਰੇ ਕੀਤੇ ਜਾਣ ਤਾਂ ਸੱਚਮੁੱਚ ਕੁਦਰਤ , ਵਾਤਾਵਰਨ ਅਤੇ ਸਾਡੇ ਸਾਰਿਆਂ ਲਈ ਸਹੀ ਹੋਵੇਗਾ ਤੇ ਕਿਤੇ ਨਾ ਕਿਤੇ ਸਾਡੇ ਮਨ ਨੂੰ ਵੀ ਜਰੂਰ ਸਕੂਨ ਮਿਲੇਗਾ। ਆਓ ! ਇਹਨਾਂ ਪੰਛੀਆਂ - ਪਰਿੰਦਿਆਂ ਨੂੰ ਕੁਦਰਤੀ ਤੌਰ ਤੇ ਕੁਦਰਤੀ ਮਾਹੌਲ ਵਿੱਚ ਵਿਚਰਨ ਦੇਈਏ ਅਤੇ ਇਹਨਾਂ ਨੂੰ ਪਿੰਜਰਿਆਂ ਵਿੱਚ ਕੈਦ ਨਾ ਕਰਕੇ ਇਹਨਾਂ ਨੂੰ ਵੀ ਆਜ਼ਾਦ ਹਵਾ ਵਿੱਚ ਵਿਚਰਨ ਦਾ ਮੌਕਾ ਦੇਈਏ। ਸ਼ਾਇਦ ਕੁਦਰਤ ਵੀ ਇਹੀ ਚਾਹੁੰਦੀ ਹੈ...!

 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ ) ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ। 9478561356 

Have something to say? Post your comment