ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਲਗਵਾਇਆ ਜਾ ਰਿਹਾ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ ਸ਼ੁਰੂ ਹੋ ਗਿਆ ਹੈ। ਕੈਂਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡੀਨ, ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ ਨੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੂੰ ਯੂਨੀਵਰਸਿਟੀ ਪੱਧਰ ’ਤੇ ਅਜਿਹੇ ਕੈਂਪ ਉਲੀਕਣ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਸਮਾਜ ਦੇ ਹਰੇਕ ਵਰਗ ਨੂੰ ਮਾਨਸਿਕ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਲਈ ਸਾਨੂੰ ਵਧ ਚੜ੍ਹ ਕੇ ਇਸ ਕੈਂਪ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਜੋ ਮਨ ’ਤੇ ਜਿੱਤ ਪ੍ਰਾਪਤ ਕਰਨ ਦੀ ਜੁਗਤ ਸਿੱਖੀ ਜਾ ਸਕੇ। ਵਿਭਾਗ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਮੈਡੀਟੇਸ਼ਨ ਕੈਂਪ ਲਗਾਉਣ ਲਈ ਪਹੁੰਚੇ ਹਾਰਟਫੁੱਲਨੈੱਸ ਇੰਸਟੀਚਿਊਟ (ਪਟਿਆਲਾ ਸ਼ਾਖ਼ਾ) ਦੇ ਟ੍ਰੇਨਰ ਅਤੇ ਜ਼ੋਨਲ ਇੰਚਾਰਜ ਸ੍ਰੀ ਮੁਕੇਸ਼ ਗੁਪਤਾ, ਉਹਨਾਂ ਦੀ ਪੂਰੀ ਟੀਮ, ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਹਰਵਿੰਦਰ ਕੌਰ, ਡੀਨ ਵਿਦਿਆਰਥੀ ਭਲਾਈ ਅਤੇ ਵੱਖ-ਵੱਖ ਫ਼ੈਕਲਟੀਆਂ ਤੋਂ ਸ਼ਿਰਕਤ ਕਰ ਰਹੇ ਅਧਿਆਪਕਾਂ, ਗ਼ੈਰ-ਅਧਿਆਪਨ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ ਨੂੰ’ ਆਖਿਆ। ਉਹਨਾਂ ਕੈਂਪ ਦੀ ਮਹੱਤਤਾ ’ਤੇ ਚਾਨਣਾ ਪਾਇਆ।
ਕੈਂਪ ਦੇ ਟ੍ਰੇਨਰ ਸ੍ਰੀ ਮੁਕੇਸ਼ ਗੁਪਤਾ ਜੀ ਨੇ ਮੈਡੀਟੇਸ਼ਨ ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਨੂੰ ਸਾਡੀ ਮਾਨਸਿਕ ਹਾਲਤ ਨੂੰ ਸਥਿਰ ਰੱਖਣ ਵਾਲੀ ਇਸ ਪ੍ਰਕਿਰਿਆ ਭਾਵ ਮੈਡੀਟੇਸ਼ਨ ਨੂੰ ਆਪਣੇ ਜੀਵਨ ਦਾ ਜ਼ਰੂਰੀ ਅੰਗ ਬਣਾਉਣਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਦਿਮਾਗ਼ ਨਾਲ ਸੰਬੰਧਿਤ ਖੇਡਾਂ ਨਾਲ ਰੂ-ਬਰੂ ਕਰਵਾਉਂਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਵਿੱਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਨੂੰ ਮੈਡੀਟੇਸ਼ਨ ਦਾ ਬਹੁਤ ਲਾਭ ਹੈ। ਮੈਡੀਟੇਸ਼ਨ ਰਾਹੀਂ ਵਿਦਿਆਰਥੀ ਆਪਣੇ ਮਨ ਨੂੰ ਇਕਾਗਰ ਕਰਨਾ ਸਿੱਖ ਸਕਦੇ ਹਨ। ਹਾਰਟਫੁੱਲਨੈੱਸ ਇੰਸਟੀਚਿਊਟ ਤੋਂ ਆਏ ਸ੍ਰੀਮਤੀ ਸੀਮਾ ਬਾਵਾ ਨੇ ਵਿਦਿਆਰਥੀਆਂ/ਕਰਮਚਾਰੀਆਂ ਨੂੰ ਮੈਡੀਟੇਸ਼ਨ ਕਰਵਾਉਂਦਿਆਂ ਵਿਹਾਰਕ ਪੱਧਰ ’ਤੇ ਅੰਤਰ-ਧਿਆਨ ਅਵਸਥਾ ਵਿੱਚ ਹੋਣ ਦਾ ਅਹਿਸਾਸ ਕਰਵਾਇਆ। ਕੈਂਪ ਵਿੱਚ ਸ਼ਾਮਲ ਹਰੇਕ ਵਿਦਿਆਰਥੀ/ਕਰਮਚਾਰੀ ਨੇ ਇਸ ਅਵਸਥਾ ਦਾ ਆਨੰਦ ਮਾਣਿਆ। ਹਾਰਟਫੁੱਲਨੈੱਸ ਇੰਸਟੀਚਿਊਟ ਤੋਂ ਪਹੁੰਚੀ 11 ਸਾਲਾਂ ਦੀ ਬੱਚੀ ਅਰਾਧਿਆ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਸਿਰਫ਼ ਚੀਜ਼ਾਂ ਛੂਹਣ ਨਾਲ ਹੀ ਉਹਨਾਂ ਦੇ ਰੰਗਾਂ ਦੇ ਨਾਂ ਦੱਸੇ। ਅਰਾਧਿਆ ਨੇ ਦਿਮਾਗ ਦੇ ਤਿੰਨ ਹਿੱਸਿਆਂ ਸੱਜੇ, ਖੱਬੇ ਅਤੇ ਵਿਚਕਾਰਲੇ ਹਿੱਸੇ ਦੀ ਵਰਤੋਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਉਸ ਨੇ ਦੱਸਿਆ ਕਿ ਮੈਡੀਟੇਸ਼ਨ ਕਰਕੇ ਹੀ ਉਹ ਅਜਿਹਾ ਕਰ ਸਕੀ ਹੈ, ਉਸ ਨੇ ਹੋਰ ਬੱਚਿਆਂ ਨੂੰ ਵੀ ਮੈਡੀਟੇਸ਼ਨ ਲਈ ਪ੍ਰੇਰਿਆ। ਕੈਂਪ ਦੇ ਇਸ ਉਦਘਾਟਨੀ ਸੈਸ਼ਨ ਵਿੱਚ ਯੂਨੀਵਰਸਿਟੀ ਦੀਆਂ ਵੱਖ-ਵੱਖ ਫ਼ੈਕਲਟੀਆਂ ਤੋਂ ਸ਼ਾਮਲ ਅਧਿਆਪਕਾਂ, ਗ਼ੈਰ-ਅਧਿਆਪਨ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਸ਼ਿਕਰਤ ਕੀਤੀ।