ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਹਲਕੇ ਦਾ ਦੌਰਾ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੂੰ ਅੱਜ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਪਿੰਡ ਮਾਨਮਾਜਰਾ, ਇਮਾਮਗੜ੍ਹ, ਧਨੋ, ਮਾਣਕਵਾਲ, ਹੁਸੈਨਪੁਰਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਭਰਵਾਂ ਹੁੰਗਾਰਾ ਮਿਲਿਆ | ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਸ. ਸਿਮਰਨਜੀਤ ਸਿੰਘ ਮਾਨ ਦਾ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ |
ਵੱਖ-ਵੱਖ ਪਿੰਡਾਂ ਵਿੱਚ ਹੋਏ ਭਰਵੇਂ ਇਕੱਠਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਮਾਨ ਨੇ ਕਿਹਾ ਕਿ ਅਸੀਂ ਹੋਰਨਾਂ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਨਾ ਨਹੀਂ ਜਾਣਦੇ ਅਤੇ ਨਾ ਹੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਿਆਸਤ ਵਿੱਚ ਯਕੀਨ ਰੱਖਦੇ ਹੈ | ਇਸ ਲਈ ਅਸੀਂ ਤੁਹਾਨੂੰ ਵਿਸ਼ਵਾਸ ਦੁਆਉਂਦੇ ਹਾਂ ਕਿ ਤੁਹਾਡੇ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਵਚਨਬੱਧ ਹੋਵਾਂਗੇ | ਤੁਹਾਡੇ ਦੁੱਖ-ਸੁੱਖ ਦੇ ਸਾਥੀ ਬਣਕੇ ਕੰਮ ਕਰਾਂਗੇ | ਸ. ਮਾਨ ਨੇ ਕਿਹਾ ਕਿ ਜੋ ਵਾਅਦੇ ਸਰਕਾਰਾਂ ਮੁਕਰ ਗਈਆਂ ਹਨ, ਉਨ੍ਹਾਂ ਨੂੰ ਅਸੀਂ ਪੂਰਾ ਕਰਵਾਵਾਂਗੇ, ਜਿਸਦੇ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ | ਸ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਰਾਖੀ, ਹਲਕੇ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਅਤੇ ਘੱਟ ਗਿਣਤੀ ਕੌਮਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾਵੇ | ਸ. ਮਾਨ ਨੇ ਆਪਣੀ ਪਿਛਲੇ ਦੋ ਸਾਲਾਂ ਦੀ ਕਾਰਗੁਜਾਰੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਮਾਲੇਰਕੋਟਲਾ, ਸੰਗਰੂਰ ਤੇ ਬਰਨਾਲਾ ਜ਼ਿਲਿ੍ਹਆਂ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 350 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕਰਵਾਈ ਗਈ ਹੈ, ਜਿਸ ਨਾਲ ਪੂਰੇ ਹਲਕੇ ਦੇ ਲੋਕਾਂ ਦੀਆਂ ਬਿਜਲੀ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਐਮ.ਪੀ. ਕੋਟੇ ਤਹਿਤ ਮਿਲੀ ਕਰੀਬ 10 ਕਰੋੜ ਰੁਪਏ ਦੀ ਗ੍ਰਾਂਟ ਨੂੰ ਸਾਰੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਬਿਨ੍ਹਾਂ ਪੱਖਪਾਤ ਤੋਂ ਖਰਚ ਕੀਤਾ ਗਿਆ ਹੈ | ਹਲਕੇ ਦੇ ਅੰਗਹੀਣਾ ਦੇ ਜੀਵਨ ਨੂੰ ਸੌਖਾਲਾ ਬਨਾਉਣ ਲਈ ਵੱਡੇ ਪੱਧਰ 'ਤੇ ਨਕਲੀ ਅੰਗ, ਮੋਟਰਾਈਜਡ ਟ੍ਰਾਈਸਾਈਕਲਾਂ, ਵਹੀਲ ਚੇਅਰਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ ਹਨ | ਐਮ.ਪੀ. ਲੈਂਡ ਅਧੀਨ ਆਉਂਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਸਹੀ ਪੁੱਜਦਾ ਕਰਨ ਲਈ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਗਏ ਹਨ, ਜਿਸ ਸਦਕਾ ਜਿੱਥੇ ਸੈਂਕੜੇ ਕੈਂਸਰ ਪੀੜਤਾਂ ਨੂੰ ਇਲਾਜ ਲਈ ਆਰਥਿਕ ਸਹਾਇਤਾ ਰਾਸ਼ੀ ਦਿਵਾਈ ਗਈ ਹੈ, ਉੱਥੇ ਅਨੇਕਾਂ ਲੋੜਵੰਦਾਂ ਨੂੰ ਪੈਨਸ਼ਨ, ਲੈਟਰੀਨ-ਬਾਥਰੂਮ ਬਨਾਉਣ ਲਈ, ਕੱਚੇ ਘਰਾਂ ਨੂੰ ਪੱਕੇ ਕਰਵਾਉਣ ਲਈ ਅਤੇ ਹੋਰ ਵੱਖ-ਵੱਖ ਯੋਜਨਾਵਾਂ ਤਹਿਤ ਆਰਥਿਕ ਲਾਭ ਦਿਵਾਏ ਗਏ ਹਨ | ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਲੋਕ ਪੱਖੀ ਪਾਰਟੀ ਹੈ, ਜਿਸਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣਾ ਹੈ | ਸ. ਮਾਨ ਨੇ ਅਪੀਲ ਕੀਤੀ ਕਿ ਆਉਣ ਵਾਲੀ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਹੱਕ ਵਿੱਚ ਵੋਟ ਕੀਤਾ ਜਾਵੇ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਬਲਜਿੰਦਰਪਾਲ ਸਿੰਘ ਸੰਗਾਲੀ, ਸਰਪੰਚ ਬਲਵੀਰ ਸਿੰਘ, ਸਰਪੰਚ ਗੁਰਮੁੱਖ ਸਿੰਘ, ਸਰਪੰਚ ਬਲਦੇਵ ਸਿੰਘ, ਗੁਰਚਰਨ ਸਿੰਘ ਫੌਜੀ, ਬਿੱਕਰ ਸਿੰਘ ਧਨੋ, ਸਾਬਕਾ ਸਰਪੰਚ ਨਿਸ਼ਾਨ ਸਿੰਘ, ਚਮਕੌਰ ਸਿੰਘ ਧਨੋ, ਲਾਲ ਸਿੰਘ ਸੰਘੈਣ, ਪਰਵਿੰਦਰ ਸਿੰਘ, ਤਰਕਸ਼ਦੀਪ ਸਿੰਘ ਥਿੰਦ, ਬਿੱਟੂ ਚੌਹਾਨ ਮਾਲੇਰਕੋਟਲਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ |