Sunday, May 19, 2024

Education

ਪੰਜਾਬੀ ਯੂਨੀਵਰਸਿਟੀ ਦਾ 63ਵਾਂ ਸਥਾਪਨਾ ਦਿਵਸ ਮਨਾਇਆ

April 30, 2024 04:34 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਕਿਹਾ ਕਿ ਜਦੋਂ ਕਿਸੇ ਆਦਾਰੇ ਦਾ ਇਤਿਹਾਸ ਸ਼ਾਨਦਾਰ ਰਿਹਾ ਹੋਵੇ ਤਾ ਉਸ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਢੁਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ 63ਵੇਂ ਸਥਾਪਨਾ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਕ ਸ਼ਾਨਦਾਰ ਵਿਰਾਸਤ ਰਹੀ ਹੈ ਅਤੇ ਇਸ ਨੂੰ ਸੰਭਾਲਣ ਲਈ ਭਵਿੱਖ ਵਿੱਚ ਹੋਰ ਬਿਹਤਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 62 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਦਾ ਬੀਜ ਬੀਜਿਆ ਗਿਆ ਸੀ ਅਤੇ ਇਹ ਬੂਟਾ ਹੁਣ ਰੁੱਖ ਬਣ ਗਿਆ ਹੈ। ਇਹ ਹੁਣ ਤੱਕ ਹਜ਼ਾਰਾਂ ਲੱਖਾਂ ਵਿਦਿਆਰਥੀਆਂ ਨੂੰ ਛਾਂ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਕਿ ਅਸੀਂ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਕੇ ਉਨ੍ਹਾਂ ਸਾਰੇ ਅਧਿਆਪਕਾਂ, ਖੋਜੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਨੇ ਮੁੱਖ ਬੁਲਾਰੇ ਵਜੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਵਿਗਿਆਨ ਦੇ ਖੇਤਰ ਵਿੱਚ ਮਹਾਨ ਵਿਰਾਸਤ ਰਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪੰਜਾਬ ਕੋਲ ਬਹੁਤ ਸਾਰੇ ਵਿਗਿਆਨੀ ਰਹੇ ਹਨ ਜਿਨ੍ਹਾਂ ਨੇ ਸੰਸਾਰ ਪੱਧਰ ਉੱਤੇ ਨਾਮਣਾ ਖੱਟਿਆ। ਉਨ੍ਹਾਂ ਆਪਣੇ ਭਾਸ਼ਣ ਦੌਰਾਨ 1850 ਦੇ ਸਮੇਂ ਤੋਂ ਲੈ ਕੇ ਪੰਜਾਬੀ ਮੂਲ ਦੇ ਵਿਗਿਆਨੀਆਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। 1885 ਦੌਰਾਨ ਵਿਗਿਆਨ ਵਿਸ਼ੇ ਦੇ ਪਹਿਲੇ ਪੰਜਾਬੀ ਵਿਦਿਆਰਥੀਆਂ ਰੁਚੀ ਰਾਮ ਸਾਹਨੀ ਅਤੇ ਗੁਰੂ ਦੱਤਾ ਨਾਲ ਆਪਣੀ ਗੱਲ ਸ਼ੁਰੂ ਕਰਦਿਆਂ ਉਨ੍ਹਾਂ ਐੱਸ. ਐੱਸ. ਭਟਨਾਗਰ, ਹਰਗੋਬਿੰਦ ਖੁਰਾਣਾ, ਦਯਾ ਰਾਮ ਸਾਹਨੀ, ਬੀਰਬਲ ਸਾਹਨੀ, ਸਾਹਿਬ ਸਿੰਘ ਸੋਖੀ, ਪ੍ਰੋ. ਵਿਸ਼ਵ ਨਾਥ ਆਦਿ ਵਰਗੇ ਬਹੁਤ ਸਾਰੇ ਵਿਗਿਆਨੀਆਂ ਬਾਰੇ ਚਰਚਾ ਕੀਤੀ।
 
 
ਦੂਜੇ ਮੁੱਖ ਬੁਲਾਰੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਉਨ੍ਹਾਂ ਨੇ ਰਸਮੀ ਰੂਪ ਵਿੱਚ ਯੂਨਵਿਰਸਿਟੀ ਤੋਂ ਉਚੇਰੀ ਸਿੱਖਿਆ ਹਾਸਿਲ ਨਹੀਂ ਕੀਤੀ ਅਤੇ ਉਹ ਆਪਣੇ ਸਿਰਜਣਾਤਮਕ ਖੇਤਰ ਵਿੱਚ ਵੀ ਅਕਾਦਮਿਕ ਅਦਾਰਿਆਂ ਤੋਂ ਦੂਰ ਹੀ ਰਹੇ ਹਨ। ਇਸ ਦੇ ਬਾਵਜੂਦ ਪੰਜਾਬੀ ਯੂਨੀਵਰਸਟਿੀ ਦੇ ਅਕਾਦਮਿਕ ਮਾਹੌਲ ਨੇ ਉਨ੍ਹਾਂ ਨੂੰ ਹਮੇਸ਼ਾ ਹੀ ਸੁਖਾਵਾਂ ਮਹਿਸੂਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਦੇ ਨਾਵਲਾਂ ਨੂੰ ਪਾਠਕ੍ਰਮਾਂ ਦਾ ਹਿੱਸਾ ਬਣਾਇਆ ਅਤੇ ਉਨ੍ਹਾਂ ਵੱਲੋਂ ਲਿਖੇ ਨਾਟਕ ‘ਮਿੱਟੀ ਰੁਦਨ ਕਰੇ’ ਦੀਆਂ ਅਣਗਿਣਤ ਪੇਸ਼ਕਾਰੀਆਂ ਕਰਵਾ ਕੇ ਉਨ੍ਹਾਂ ਦੇ ਕੈਰੀਅਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੰਜਾਬੀ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਬਾਹਰ ਤੋਂ ਹਨ।
ਆਪਣੇ ਸਵਾਗਤੀ ਭਾਸ਼ਣ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਨੇ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਵਿਰਾਸਤ ਬਾਰੇ ਗੱਲਬਾਤ ਕੀਤੀ। ਧੰਨਵਾਦੀ ਭਾਸ਼ਣ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਦਿੱਤਾ। ਦੋਹਾਂ ਬੁਲਾਰਿਆਂ ਬਾਰੇ ਜਾਣ-ਪਛਾਣ ਸਥਾਪਨਾ ਦਿਵਸ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਗੁਰਮੁਖ ਸਿੰਘ ਨੇ ਕਰਵਾਈ। ਪ੍ਰੋਗਰਾਮ ਦੌਰਾਨ ਡਾ. ਏ. ਐੱਲ. ਜੇ. ਰਾਉ ਨੂੰ ਉਨ੍ਹਾਂ ਵੱਲੋਂ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਡਾ. ਰਾਉ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਹੁਦਿਆਂ ਉੱਤੇ ਵਿਚਰਦਿਆਂ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਯੂਨਵਿਰਸਿਟੀ ਵੱਲੋਂ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਦੀ ਅਗਵਾਈ ਵਿੱਚ ਨਵੀਂ ਪ੍ਰਥਾ ਸ਼ੁਰੂ ਕਰਦਿਆਂ ਆਪਣੇ ਸਭ ਤੋਂ ਸੀਨੀਅਰ ਸੇਵਾ-ਨਵਿਰਤ ਅਧਿਆਪਕਾਂ/ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਪ੍ਰੋ. ਨਿਰਭੈ ਸਿੰਘ, ਸ੍ਰ. ਦਲੀਪ ਸਿੰਘ ਉੱਪਲ (ਸਾਬਕਾ ਵਿੱਤ ਅਫ਼ਸਰ), ਸ੍ਰ. ਸੁਰਜੀਤ ਸਿੰਘ ਰਿਸਟੋਰਰ, ਸ੍ਰ. ਅਜ਼ਾਦ ਸਿੰਘ ਅਤੇ ਸ੍ਰ. ਅਮਰੀਕ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰਕਾਸਿ਼ਤ ਸੱਤ ਪੁਸਤਕਾਂ ਦਾ ਲੋਕ ਅਰਪਣ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦਾ ਕਾਰਜ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨਦੀਪ ਥਾਪਾ ਨੇ ਕੀਤਾ।

Have something to say? Post your comment

 

More in Education

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ

ਸਕੂਲੀ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਨੁੱਕੜ ਨਾਟਕ ਖੇਡੇ

ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ

ਸਰਕਾਰੀ ਮਿਡਲ ਸਕੂਲ ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਚ ਸਾਇੰਸ ਵਿਸ਼ੇ ਵਿੱਚੋ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਾਹਿਤਕਾਰਾਂ ਨੇ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ 

ਸਿਵਾਲਕ ਮਾਲਟੀਪਰਪਜ ਪਬਲਿਕ ਸਕੂਲ ਵੱਲੋਂ ਮਾਂ ਦਿਵਸ ਮਨਾਇਆ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ